ਪੰਜਾਬ ’ਚ ਕੌਮੀ ਮਾਰਗਾਂ ਦੇ ਕਈ ਪ੍ਰਾਜੈਕਟ ਲਟਕੇ
ਪੰਜਾਬ ਵਿੱਚ 10,000 ਕਰੋੜ ਰੁਪਏ ਤੋਂ ਵੱਧ ਦੇ ਕਈ ਅਹਿਮ ਕੌਮੀ ਹਾਈਵੇਅ ਬੁਨਿਆਦੀ ਢਾਂਚਾ ਪ੍ਰਾਜੈਕਟ, ਜਿਨ੍ਹਾਂ ਵਿੱਚ ਅੰਮ੍ਰਿਤਸਰ ਅਤੇ ਇਸ ਦੇ ਆਸ-ਪਾਸ ਦੇ ਪ੍ਰਾਜੈਕਟ ਵੀ ਸ਼ਾਮਲ ਹਨ, ਜ਼ਮੀਨ ਐਕੁਆਇਰ ਕਰਨ ਵਿੱਚ ਅੜਿੱਕੇ ਪੈਣ, ਠੇਕੇ ਖਤਮ ਹੋਣ ਅਤੇ ਵੱਖ ਵੱਖ ਅਥਾਰਟੀਆਂ ਤੋਂ ਮਨਜ਼ੂਰੀਆਂ ਦੀ ਉਡੀਕ ’ਚ ਲਟਕੇ ਪਏ ਹਨ।
ਸਭ ਤੋਂ ਵੱਧ ਪ੍ਰਭਾਵਿਤ ਪ੍ਰਾਜੈਕਟਾਂ ਵਿੱਚੋਂ ਇੱਕ ਅੰਮ੍ਰਿਤਸਰ-ਘੁਮਾਣ-ਟਾਂਡਾ-ਊਨਾ (ਪੈਕੇਜ-1) ਹਾਈਵੇਅ ਪ੍ਰਾਜੈਕਟ ਹੈ, ਜੋ 20 ਜੂਨ 2022 ਨੂੰ ਸ਼ੁਰੂ ਹੋਇਆ ਸੀ। 1,443.47 ਕਰੋੜ ਰੁਪਏ ਦੀ ਪ੍ਰਵਾਨਿਤ ਲਾਗਤ ਅਤੇ 19 ਜੂਨ, 2024 ਦੀ ਨਿਰਧਾਰਿਤ ਮਿਤੀ ਦੇ ਬਾਵਜੂਦ ਇਹ ਪ੍ਰਾਜੈਕਟ ਅਜੇ ਵੀ ਚੱਲ ਰਿਹਾ ਹੈ ਅਤੇ ਜ਼ਮੀਨ ਐਕੁਆਇਰ ਨਾ ਹੋਣ ਕਾਰਨ ਹੁਣ ਇਸ ਵਿੱਚ 30 ਜੂਨ 2026 ਤੱਕ ਦੀ ਦੇਰੀ ਹੋ ਗਈ ਹੈ। ਇਸ ਨਾਲ ਸਬੰਧਤ ਇੱਕ ਹਿੱਸਾ ਅੰਮ੍ਰਿਤਸਰ-ਘੁਮਾਣ-ਟਾਂਡਾ-ਊਨਾ (ਪੈਕੇਜ-2) 31.05 ਕਿਲੋਮੀਟਰ ਦਾ ਹੈ ਅਤੇ ਇਸ ਦੀ ਲਾਗਤ 818.41 ਕਰੋੜ ਰੁਪਏ ਹੈ। ਜ਼ਮੀਨ ਉਪਲਬਧ ਨਾ ਹੋਣ ਕਾਰਨ ਇਹ ਪ੍ਰਾਜੈਕਟ ਠੱਪ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ (ਏਅਰਪੋਰਟ ਜੰਕਸ਼ਨ) ਤੋਂ ਰਾਮਦਾਸ (ਪੈਕੇਜ-4) ਪ੍ਰਾਜੈਕਟ ਮਾਰਚ 2022 ਵਿੱਚ 416.58 ਕਰੋੜ ਰੁਪਏ ਦੀ ਪ੍ਰਵਾਨਿਤ ਲਾਗਤ ਨਾਲ ਸ਼ੁਰੂ ਕੀਤਾ ਗਿਆ ਸੀ। ਸਤੰਬਰ 2023 ਤੱਕ ਮੁਕੰਮਲ ਹੋਣ ਵਾਲੇ ਇਸ ਪ੍ਰਾਜੈਕਟ ਵਿੱਚ ਵੀ ਜ਼ਮੀਨ ਐਕੁਆਇਰ ਨਾ ਹੋਣ ਕਾਰਨ ਦੇਰੀ ਹੋਈ ਹੈ। ਇਸ ਦੇ ਪੂਰਾ ਹੋਣ ਦੀ ਮਿਤੀ 30 ਸਤੰਬਰ 2025 ਤੱਕ ਵਧਾ ਦਿੱਤੀ ਗਈ ਹੈ। ਲੁਧਿਆਣਾ-ਰੂਪਨਗਰ ਹਾਈਵੇਅ (ਪੈਕੇਜ-1) ਨੂੰ ਇੱਕ ਵੱਡਾ ਝਟਕਾ ਲੱਗਿਆ ਜਦੋਂ ਜ਼ਮੀਨ ਸੌਂਪਣ ਵਿੱਚ ਦੇਰੀ ਕਾਰਨ ਠੇਕਾ ਖਤਮ ਕਰਨ ਦਾ ਨੋਟਿਸ ਜਾਰੀ ਕਰ ਦਿੱਤਾ। ਠੇਕੇਦਾਰ ਨੇ ਉਦੋਂ ਤੋਂ ਸਾਈਟ ਤੋਂ ਸਾਰੇ ਸਰੋਤ ਹਟਾ ਲਏ ਹਨ। ਮਾਮਲਾ ਇਸ ਸਮੇਂ ਬੁਨਿਆਦੀ ਢਾਂਚਾ ਕਾਰਜਕਾਰੀ ਸੁਲ੍ਹਾ-ਸਫ਼ਾਈ ਕਮੇਟੀ ਦੇ ਕਾਰਵਾਈ ਅਧੀਨ ਹੈ। ਲੁਧਿਆਣਾ-ਰੂਪਨਗਰ (ਪੈਕੇਜ-2), ਜਿਸ ਦੀ ਲੰਬਾਈ 47.24 ਕਿਲੋਮੀਟਰ ਅਤੇ ਲਾਗਤ 1,488.23 ਕਰੋੜ ਰੁਪਏ ਹੈ, ਵੀ ਜ਼ਮੀਨ ਉਪਲਬਧ ਨਾ ਹੋਣ ਕਾਰਨ ਰੱਦ ਕਰ ਦਿੱਤਾ ਗਿਆ ਹੈ। ਪੀਡਬਲਿਊਡੀ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਵਿੱਚੋਂ, ਜਲੰਧਰ-ਹੁਸ਼ਿਆਰਪੁਰ ਸੈਕਸ਼ਨ ਦੇ ਐੱਨਐੱਚ-3 ਨੂੰ ਚਾਰ-ਮਾਰਗੀ ਕਰਨ ਦਾ ਪ੍ਰਾਜੈਕਟ, ਜਿਸ ਨੂੰ ਅਕਤੂਬਰ 2017 ਵਿੱਚ 1,069.59 ਕਰੋੜ ਰੁਪਏ ਦੀ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ, ਵੀ ਖਤਮ ਹੋਣ ਦੀ ਸਥਿਤੀ ’ਚ ਹੈ। ਹੋਰ ਖਤਮ ਹੋ ਚੁੱਕੇ ਜਾਂ ਦੇਰੀ ਵਾਲੇ ਪ੍ਰਾਜੈਕਟਾਂ ਵਿੱਚ ਐੱਨਐੱਚ 148ਬੀ, ਅਬੋਹਰ-ਫਾਜ਼ਿਲਕਾ ਰੇਲ ਸੈਕਸ਼ਨ ’ਤੇ ਰੇਲ ਓਵਰਬਰਿੱਜ, ਮੱਖੂ ਤੋਂ ਆਰਿਫਕੇ ਤੱਕ ਐੱਨਐੱਚ-703ਏ, ਸ੍ਰੀ ਮੁਕਤਸਰ ਸਾਹਿਬ ਤੋਂ ਮਲੋਟ ਤੱਕ ਐੱਨਐੱਚ-354 ਅਤੇ ਜਲੰਧਰ ਤੇ ਮੱਖੂ ਵਿਚਕਾਰ ਐੱਨਐੱਚ-703ਏ ਸ਼ਾਮਲ ਹਨ।