ਮਨੀਪੁਰ: ਗੈਰਕਾਨੂੰਨੀ ਹਥਿਆਰ ਜਮ੍ਹਾਂ ਕਵਾਉਣ ਦੀ ਮਿਆਦ ਦੌਰਾਨ 1,000 ਤੋਂ ਵੱਧ ਹਥਿਆਰ ਆਏ: ਪੁਲੀਸ
People give up over 1000 illegal arms during surrender period in Manipur: Police
ਇੰਫਾਲ, 7 ਮਾਰਚ
ਮਨੀਪੁਰ ਵਿੱਚ ਲੋਕਾਂ ਵੱਲੋਂ ਲੁੱਟੇ ਗਏ ਅਤੇ ਗੈਰ-ਕਾਨੂੰਨੀ ਤੌਰ ’ਤੇ ਰੱਖੇ ਗਏ ਹਥਿਆਰਾਂ ਨੂੰ ਸਵੈ-ਇੱਛਾ ਨਾਲ ਸਮਰਪਣ ਕਰਨ ਲਈ ਦਿੱਤੇ ਦੋ ਹਫ਼ਤਿਆਂ ਦੌਰਾਨ 1000 ਤੋਂ ਵੱਧ ਹਥਿਆਰ ਅਤੇ ਗੋਲਾ ਬਾਰੂਦ ਲੋਕਾਂ ਨੇ ਸੁਰੱਖਿਆ ਬਲਾਂ ਨੂੰ ਸੌਂਪੇ ਹਨ।
ਹਾਲਾਂਕਿ ਇਹ ਅੰਕੜਾ ਅਸਥਾਈ ਹੈ ਅਤੇ ਸਾਰੇ ਜ਼ਿਲ੍ਹਿਆਂ ਤੋ ਵੇਰਵੇ ਆਉਣ ਤੋਂ ਬਾਅਦ ਅਸਲ ਗਿਣਤੀ ਵਧਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਅਜੇ ਤੱਕ ਲੁੱਟੇ ਗਏ ਹਥਿਆਰਾਂ ਅਤੇ ਗੈਰ-ਕਾਨੂੰਨੀ ਤੌਰ ’ਤੇ ਖਰੀਦੇ ਗਏ ਹਥਿਆਰਾਂ ਨੂੰ ਵੱਖ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਮਰਪਣ ਦੀ ਮਿਆਦ ਦੌਰਾਨ ਪੰਜ ਘਾਟੀ ਜ਼ਿਲ੍ਹਿਆਂ, ਪੰਜ ਪਹਾੜੀ ਜ਼ਿਲ੍ਹਿਆਂ ਅਤੇ ਜਿਰੀਬਾਮ ਵਿੱਚ ਕੁੱਲ 1,023 ਹਥਿਆਰ ਸਮਰਪਣ ਕੀਤੇ ਗਏ ਹਨ।
ਮਨੀਪੁਰ ਦੇ ਰਾਜਪਾਲ ਅਜੈ ਕੁਮਾਰ ਭੱਲਾ ਨੇ 20 ਫਰਵਰੀ ਨੂੰ ਜੰਗੀ ਸਮੂਹਾਂ ਨੂੰ ਸੁਰੱਖਿਆ ਬਲਾਂ ਤੋਂ ਲੁੱਟੇ ਗਏ ਹਥਿਆਰ ਅਤੇ ਹੋਰ ਗੈਰ-ਕਾਨੂੰਨੀ ਤੌਰ ’ਤੇ ਰੱਖੇ ਗਏ ਹਥਿਆਰਾਂ ਨੂੰ ਸਵੈ-ਇੱਛਾ ਨਾਲ ਸਮਰਪਣ ਕਰਨ ਦੀ ਅਪੀਲ ਕੀਤੀ ਸੀ। ਪੁਲੀਸ ਨੇ ਇਕ ਬਿਆਨ ਵਿਚ ਕਿਹਾ ਕਿ ਵੀਰਵਾਰ ਸ਼ਾਮ 4 ਵਜੇ ਹਥਿਆਰ ਸਮਰਪਣ ਕਰਨ ਦੀ ਸਮਾਂ ਸੀਮਾ ਸਮਾਪਤੀ ਤੋਂ ਬਾਅਦ ਸੰਯੁਕਤ ਸੁਰੱਖਿਆ ਬਲਾਂ ਨੇ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਅਤੇ 36 ਹਥਿਆਰ, 129 ਗੋਲਾ ਬਾਰੂਦ, ਸੱਤ ਵਿਸਫੋਟਕ, 21 ਫੁਟਕਲ ਸਮਾਨ ਬਰਾਮਦ ਕੀਤਾ। ਇਸ ਤੋਂ ਇਲਾਵਾ 15 ਗੈਰ-ਕਾਨੂੰਨੀ ਬੰਕਰ ਨਸ਼ਟ ਕੀਤੇ ਗਏ ਹਨ। -ਪੀਟੀਆਈ

