ਮਨੀਪੁਰ: ਭਾਰਤ-ਮਿਆਂਮਾਰ ਸਰਹੱਦ ’ਤੇ ਵਾੜ ਲਾਉਣ ਦੇ ਫ਼ੈਸਲੇ ਦਾ ਵਿਰੋਧ
ਚੂਰਾਚਾਂਦਪੁਰ, 3 ਦਸੰਬਰ
ਭਾਰਤ-ਮਿਆਂਮਾਰ ਮੁਕਤ ਆਵਾਜਾਈ ਪ੍ਰਬੰਧ (ਐੱਫਐੱਮਆਰ) ਖਤਮ ਕਰਨ ਦੇ ਸਰਕਾਰ ਦੇ ਫ਼ੈਸਲੇ ਖਿਲਾਫ਼ ਅੱਜ ਮਨੀਪੁਰ ਦੇ ਚੂਰਾਚਾਂਦਪੁਰ ਜ਼ਿਲ੍ਹੇ ’ਚ ਪ੍ਰਦਰਸ਼ਨ ਕੀਤਾ ਗਿਆ। ਯੂਨਾਈਟਿਡ ਜ਼ੋਊ ਆਰਗੇਨਾਈਜੇਸ਼ਨ (ਯੂਐੱਜ਼ਓ) ਦੀ ਅਗਵਾਈ ’ਚ ਇਹ ਪ੍ਰਦਰਸ਼ਨ ਲਗਪਗ 11.30 ਵਜੇ ‘ਵਾਲ ਆਫ ਰਿਮੈਂਬਰੈਂਸ’ ਤੋਂ ਸ਼ੁਰੂ ਹੋਇਆ। ਪ੍ਰਦਰਸ਼ਨਕਾਰੀਆਂ ਨੇ ਐੱਫਐੱਮਆਰ ਨੂੰ ਖਤਮ ਕਰਨ ਤੇ ਕੌਮਾਂਤਰੀ ਸਰਹੱਦ ’ਤੇ ਤਾਰ (ਵਾੜ) ਲਾਉਣ ਦੇ ਸਰਕਾਰ ਦੇ ਫ਼ੈਸਲੇ ਖ਼ਿਲਾਫ਼ ਪੋਸਟਰ ਤੇ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਨੇ ਕਿਹਾ, ‘‘ਸਰਹੱਦ ’ਤੇ ਵਾੜ ਲਾਉਣ ਨਾਲ ਸਾਡੇ ਸੱਭਿਆਚਾਰਕ ਰਿਸ਼ਤੇ ਖਤਮ ਨਹੀਂ ਹੋ ਸਕਦੇ।’’ ਇਸ ਪ੍ਰਦਰਸ਼ਨ ’ਚ ਇਲਾਵਾ ਕੁਕੀ-ਜ਼ੋ ਕਬੀਲਿਆਂ ਦੇ ਨੁਮਾਇੰਦਿਆਂ ਦੇ ਨਾਲ ਸੈਕੋਟ ਦੇ ਵਿਧਾਇਕ ਪੀ. ਹਾਓਕਿਪ, ਹੈਂਗਲੇਪ ਵਿਧਾਇਕ ਲੇਟਜਾਮੰਗ ਹਾਓਕਿਪ ਅਤੇ ਸਿੰਗਨਗਾਟ ਦੇ ਵਿਧਾਇਕ ਚਿਨਲੁਨਥਾਂਗ ਵੀ ਸ਼ਾਮਲ ਹੋਏ। ਪ੍ਰਦਰਸ਼ਨ ਦੇ ਅੰਤ ’ਚ ਕੁੱਕੀ-ਜ਼ੋ ਕੌਂਸਲ, ਜ਼ੋਮੀ ਕੌਂਸਲ, ਕੁੱਕੀ ਇਨਪੀ ਮਨੀਪੁਰ ਤੇ ਹਮਾਰ ਇਨਪੂਈ ਦੇ ਆਗੂਆਂ ਨੇ ਇਕੱਠ ਨੂੰ ਸੰਬੋਧਨ ਕੀਤਾ। -ਪੀਟੀਆਈ
ਫੌਜ ਦੇ 2000 ਤੋਂ ਵੱਧ ਜਵਾਨ ਲੈਸ਼ਰਾਮ ਦੀ ਭਾਲ ’ਚ ਜੁਟੇ
ਇੰਫਾਲ:
ਮੈਤੇਈ ਭਾਈਚਾਰੇ ਦੇ ਇੱਕ ਹਫ਼ਤੇ ਤੋਂ ਵੱਧ ਸਮੇਂ ਤੋਂ ਲਾਪਤਾ ਲੈਸ਼ਰਾਮ ਕਮਲਬਾਬੂ ਨੂੰ ਲੱਭਣ ਲਈ ਭਾਰਤੀ ਫੌਜ ਦੇ 2,000 ਤੋਂ ਵੱਧ ਜਵਾਨ ਤਾਇਨਾਤ ਕੀਤੇ ਗਏ ਹਨ। ਪੁਲੀਸ ਨੇ ਸੋਮਵਾਰ ਰਾਤ ਨੂੰ ਫੇਸਬੁੱਕ ਪੋਸਟ ’ਚ ਕਿਹਾ ਕਿ ਲੈਸ਼ਰਾਮ ਨੂੰ ਲੱਭਣ ਲਈ ਜਵਾਨਾਂ ਵੱਲੋਂ ਡਰੋਨਾਂ ਤੇ ਫੌਜ ਦੇ ਸੂਹੀਆ ਕੁੱਤਿਆਂ ਦੀ ਮਦਦ ਵੀ ਲਈ ਜਾ ਰਹੀ ਹੈ। ਅਸਾਮ ਦੇ ਕਛਾਰ ਜ਼ਿਲ੍ਹੇ ਦਾ ਵਾਸੀ ਲੈਸ਼ਰਾਮ ਕਮਲਬਾਬੂ ਜੋ ਕਿ ਇੰਫਾਲ ਪੱਛਮੀ ਜ਼ਿਲ੍ਹੇ ਦੇ ਖੁਕਰੁਲ ਵਿੱਚ ਰਹਿੰਦਾ ਸੀ, 25 ਨਵੰਬਰ ਤੋਂ ਲਾਪਤਾ ਹੈ। ਦੂਜੇ ਪਾਸੇ ਲੈਸ਼ਰਾਮ ਦੇ ਲਾਪਤਾ ਹੋਣ ਮਗਰੋਂ ਬਣੀ ਜੁਆਇੰਟ ਐਕਸ਼ਨ ਕਮੇਟੀ ਨੇ ਕਮਲਬਾਬੂ ਦੀ ਭਾਲ ਦੀ ਮੰਗ ਲਈ ਕਾਂਟੋ ਸਬਲ ’ਚ ਧਰਨਾ ਲਾਇਆ ਹੋਇਆ ਹੈ। -ਪੀਟੀਆਈ