ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਨੀਪੁਰ: ਪੰਜ ਜ਼ਿਲ੍ਹਿਆਂ ’ਚੋਂ ਬੰਦੂਕਾਂ ਤੇ ਗੋਲਾ ਬਾਰੂਦ ਦਾ ਜ਼ਖੀਰਾ ਜ਼ਬਤ

ਅਸਲਾਖਾਨਿਆਂ ਤੋਂ ਲੁੱਟੇ ਹਥਿਆਰ ਵੀ ਬਰਾਮਦ ਹੋਏ
ਮਨੀਪੁਰ ਪੁਲੀਸ ਬਰਾਮਦ ਹਥਿਆਰਾਂ ਬਾਰੇ ਜਾਣਕਾਰੀ ਦਿੰਦੀ ਹੋਈ। -ਫੋਟੋ: ਪੀਟੀਆਈ
Advertisement

ਮਨੀਪੁਰ ਦੇ ਪੰਜ ਜ਼ਿਲ੍ਹਿਆਂ ਵਿੱਚ ਸੁਰੱਖਿਆ ਬਲਾਂ ਨੇ ਅੱਜ ਕਈ ਥਾਵਾਂ ਤੋਂ 90 ਬੰਦੂਕਾਂ ਅਤੇ 700 ਤੋਂ ਵੱਧ ਗੋਲਾ ਬਾਰੂਦ ਅਤੇ ਵਿਸਫੋਟਕ ਪਦਾਰਥ ਜ਼ਬਤ ਕੀਤੇ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਵਿਚੋਂ ਕਈ ਹਥਿਆਰ ਸੂਬੇ ਵਿਚ ਮਈ 2023 ਵਿੱਚ ਨਸਲੀ ਹਿੰਸਾ ਵੇਲੇ ਪੁਲੀਸ ਦੇ ਅਸਲਾਖਾਨਿਆਂ ਤੋਂ ਲੁੱਟੇ ਗਏ ਸਨ। ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਇੰਫਾਲ ਪੂਰਬੀ, ਇੰਫਾਲ ਪੱਛਮੀ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਜ਼ਿਲ੍ਹਿਆਂ ਵਿੱਚ ਕਈ ਥਾਵਾਂ ’ਤੇ ਇੱਕੋ ਵੇਲੇ ਕਾਰਵਾਈਆਂ ਕੀਤੀਆਂ। ਇਹ ਕਾਰਵਾਈ ਮਨੀਪੁਰ ਪੁਲੀਸ, ਸੀਆਰਪੀਐੱਫ, ਬੀਐੱਸਐੱਫ, ਫੌਜ ਅਤੇ ਅਸਾਮ ਰਾਈਫਲਜ਼ ਦੀਆਂ ਸਾਂਝੀਆਂ ਟੀਮਾਂ ਨੇ ਕੀਤੀ ਤੇ 90 ਹਥਿਆਰ ਬਰਾਮਦ ਕੀਤੇ ਜਿਨ੍ਹਾਂ ਵਿੱਚ ਏਕੇ ਸੀਰੀਜ਼ ਦੇ ਤਿੰਨ, ਇੱਕ ਐਮ16 ਰਾਈਫਲ, ਪੰਜ ਆਈਐਨਐਸਏਐਸ ਰਾਈਫਲ, ਇੱਕ ਆਈਐਨਐਸਏਐਸ ਐਲਐਮਜੀ, ਚਾਰ ਐਸਐਲਆਰ, 20 ਪਿਸਤੌਲ, ਚਾਰ ਕਾਰਬਾਈਨ, ਸੱਤ .303 ਰਾਈਫਲ ਅਤੇ ਅੱਠ ਹੋਰ ਰਾਈਫਲਾਂ ਸ਼ਾਮਲ ਹਨ। ਪੁਲੀਸ ਹੈਡਕੁਆਰਟਰ ਵਿਚ ਆਈਜੀ ਜ਼ੋਨ 2 ਕਬੀਬ ਕੇ ਨੇ ਦੱਸਿਆ ਕਿ ਇਨ੍ਹਾਂ ਵਿਚੋਂ ਕਈ ਹਥਿਆਰ ਪੁਲੀਸ ਦੇ ਅਸਲੇਖਾਨਿਆਂ ਤੋਂ ਲੁੱਟੇ ਗਏ ਸਨ। ਦੱਸਣਾ ਬਣਦਾ ਹੈ ਕਿ ਸਾਲ 2023 ਦੀ ਹਿੰਸਾ ਤੋਂ ਬਾਅਦ ਪੁਲੀਸ ਦੇ ਵੱਖ ਵੱਖ ਅਸਲਾਖਾਨਿਆਂ ਤੋਂ ਛੇ ਹਜ਼ਾਰ ਦੇ ਕਰੀਬ ਹਥਿਆਰ ਖੋਹੇ ਗਏ ਸਨ। ਡੀਜੀਪੀ ਰਾਜੀਵ ਸਿੰਘ ਨੇ ਕਿਹਾ ਕਿ ਸੁਰੱਖਿਆ ਬਲ ਮਨੀਪੁਰ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਬਹਾਲ ਕਰਨ ਲਈ ਵਚਨਬਧ ਹਨ। ਲੁੱਟੇ ਗਏ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਬਰਾਮਦਗੀ ਇਨ੍ਹਾਂ ਯਤਨਾਂ ਦਾ ਹੀ ਨਤੀਜਾ ਹੈ। ਕਾਰਗਿਲ ਵਿਜੈ ਦਿਵਸ ਮੌਕੇ ਸ੍ਰੀ ਸਿੰਘ ਨੇ ਕਿਹਾ ਕਿ ਖੇਤਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਸ਼ੱਕੀ ਖੇਤਰਾਂ ਵਿੱਚ ਨਿਯਮਤ ਗਸ਼ਤ ਕੀਤੀ ਜਾ ਰਹੀ ਹੈ।

Advertisement
Advertisement