DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਨੀਪੁਰ ਦੇ ਮੁੱਖ ਮੰਤਰੀ ਵੱਲੋਂ ਅਸਤੀਫ਼ਾ

ਐੱਨ ਬੀਰੇਨ ਸਿੰਘ ਦੇ ਦਿੱਲੀ ਤੋਂ ਪਰਤਣ ਦੇ ਕੁਝ ਘੰਟਿਆਂ ਬਾਅਦ ਵਾਪਰਿਆ ਘਟਨਾਕ੍ਰਮ
  • fb
  • twitter
  • whatsapp
  • whatsapp
featured-img featured-img
ਰਾਜਪਾਲ ਅਜੈ ਕੁਮਾਰ ਭੱਲਾ ਨੂੰ ਅਸਤੀਫਾ ਸੌਂਪਦੇ ਹੋਏ ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ। -ਫੋਟੋ: ਏਐੱਨਆਈ
Advertisement

ਇੰਫਾਲ, 9 ਫਰਵਰੀ

ਮਨੀਪੁਰ ਦੇ ਮੁੱਖ ਮੰਤਰੀ ਐੱਨ ਬੀਰੇਨ ਸਿੰਘ (N Biren Singh) ਨੇ ਅੱਜ ਰਾਜ ਭਵਨ ਵਿੱਚ ਰਾਜਪਾਲ ਅਜੈ ਕੁਮਾਰ ਭੱਲਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਹ ਘਟਨਾਕ੍ਰਮ ਉਨ੍ਹਾਂ ਦੇ ਦਿੱਲੀ ਤੋਂ ਵਾਪਸ ਆਉਣ ਤੋਂ ਕੁਝ ਹੀ ਘੰਟਿਆਂ ਬਾਅਦ ਵਾਪਰਿਆ ਹੈ। ਰਾਜਪਾਲ ਨੇ ਬੀਰੇਨ ਸਿੰਘ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਬਦਲਵਾਂ ਪ੍ਰਬੰਧ ਹੋਣ ਤੱਕ ਅਹੁਦੇ ’ਤੇ ਬਣੇ ਰਹਿਣ ਲਈ ਕਿਹਾ ਹੈ।

Advertisement

ਬੀਰੇਨ ਸਿੰਘ ਨੂੰ ਰਾਜਪਾਲ ਨੂੰ ਲਿਖੇ ਪੱਤਰ ’ਚ ਕਿਹਾ, ‘ਹੁਣ ਤੱਕ ਮਨੀਪੁਰ ਦੇ ਲੋਕਾਂ ਦੀ ਸੇਵਾ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਰਹੀ ਹੈ। ਮੈਂ ਹਰ ਮਨੀਪੁਰੀ ਦੇ ਹਿੱਤਾਂ ਦੀ ਰਾਖੀ ਲਈ ਸਮੇਂ ਸਿਰ ਕੀਤੀ ਗਈ ਕਾਰਵਾਈ, ਵਿਕਾਸ ਕਾਰਜਾਂ ਤੇ ਵੱਖ ਵੱਖ ਪ੍ਰਾਜੈਕਟਾਂ ਦੇ ਲਾਗੂ ਹੋਣ ਲਈ ਕੇਂਦਰ ਸਰਕਾਰ ਦਾ ਬਹੁਤ ਸ਼ੁਕਰਗੁਜ਼ਾਰ ਹਾਂ।’ ਪੱਤਰ ’ਚ ਕਿਹਾ ਗਿਆ, ‘ਆਪਣੇ ਦਫ਼ਤਰ ਰਾਹੀਂ ਕੇਂਦਰ ਸਰਕਾਰ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਨੂੰ ਜਾਰੀ ਰੱਖਿਆ ਜਾਵੇ। ਮੈਂ ਇਸ ਮੌਕੇ ਉਨ੍ਹਾਂ ’ਚੋਂ ਸਭ ਤੋਂ ਅਹਿਮ ਕਾਰਜ ਗਿਣਾਉਣਾ ਚਾਹੁੰਦਾ ਹਾਂ। ਮਨੀਪੁਰ ਦੀ ਖੇਤਰੀ ਅਖੰਡਤਾ ਬਰਕਰਾਰ ਰੱਖਣਾ, ਜਿਸ ਦਾ ਹਜ਼ਾਰਾਂ ਸਾਲਾਂ ਤੋਂ ਖੁਸ਼ਹਾਲ ਤੇ ਵੰਨ-ਸਵੰਨੀ ਸੱਭਿਅਤਾ ਦਾ ਇਤਿਹਾਸ ਰਿਹਾ ਹੈ।’ ਉਨ੍ਹਾਂ ਕੇਂਦਰ ਨੂੰ ਸਰਹੱਦ ਪਾਰੋਂ ਘੁਸਪੈਠ ਨੂੰ ਲੈ ਕੇ ਕਾਰਵਾਈ ਜਾਰੀ ਰੱਖਣ ਅਤੇ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਕੱਢਣ ਅਤੇ ਨਸ਼ੀਲੇ ਪਦਾਰਥਾਂ ਖਿਲਾਫ਼ ਲੜਾਈ ਲਈ ਨੀਤੀ ਤਿਆਰ ਕਰਨ ਦੀ ਵੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ‘ਮੁਕਤ ਆਵਾਜਾਈ ਪ੍ਰਣਾਲੀ’ (ਐੱਫਐੱਮਆਰ) ਦੀ ਪੂਰੀ ਤਰ੍ਹਾਂ ਸੁਰੱਖਿਅਤ ਸੋਧੀ ਹੋਈ ਪ੍ਰਣਾਲੀ ਜਾਰੀ ਰੱਖੇ ਜਿਸ ਵਿੱਚ ਬਾਇਓਮੈਟ੍ਰਿਕ ਪ੍ਰਣਾਲੀ ਨੂੰ ਸਮਾਂਬੰਦ ਢੰਗ ਨਾਲ ਲਾਗੂ ਕੀਤਾ ਜਾਵੇ ਅਤੇ ਸਮੇਂ ’ਤੇ ਤੇਜ਼ ਰਫ਼ਤਾਰ ਨਾਲ ਨਿਗਰਾਨੀ ਕੀਤੀ ਜਾਵੇ। ਇਸੇ ਦਰਮਿਆਨ ਭਾਜਪਾ ਦੀ ਸੂਬਾ ਪ੍ਰਧਾਨ ਏ ਸ਼ਾਰਦਾ ਨੇ ਪੁਸ਼ਟੀ ਕੀਤੀ ਕਿ ਮੁੱਖ ਮੰਤਰੀ ਐੱਨ ਬੀਰੇਨ ਸਿੰਘ ਨੇ ਸੂਬੇ ਦੇ ਲੋਕਾਂ ਦੇ ਹਿੱਤ ਵਿੱਚ ਰਾਜਪਾਲ ਨੂੰ ਅਸਤੀਫਾ ਸੌਂਪ ਦਿੱਤਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘ਸਾਨੂੰ ਅਜੇ ਤੱਕ ਪਾਰਟੀ ਤੋਂ ਅਗਲੇਰੇ ਨਿਰਦੇਸ਼ ਨਹੀਂ ਮਿਲੇ ਹਨ।’ ਉਨ੍ਹਾਂ ਕਿਹਾ ਕਿ ਬੀਰੇਨ ਸਿੰਘ ਨੇ ਸੂਬੇ ਦੇ ਵਿਕਾਸ ਤੇ ਅਖੰਡਤਾ ਲਈ ਅਣਥਕ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ, ‘3 ਮਈ, 2023 ਨੂੰ ਜਾਤੀਗਤ ਹਿੰਸਾ ਭੜਕਣ ਮਗਰੋਂ ਉਹ ਸੂਬੇ ’ਚ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਭਾਜਪਾ ਸੂਬੇ ਦੀ ਅਖੰਡਤਾ ਲਈ ਸਖ਼ਤ ਮਿਹਨਤ ਕਰਨੀ ਜਾਰੀ ਰੱਖੇਗੀ।’ ਇਹ ਘਟਨਾਕ੍ਰਮ ਉਨ੍ਹਾਂ ਦੇ ਦਿੱਲੀ ਤੋਂ ਵਾਪਸ ਆਉਣ ਤੋਂ ਕੁਝ ਹੀ ਘੰਟਿਆਂ ਬਾਅਦ ਵਾਪਰਿਆ ਹੈ। ਬੀਰੇਨ ਸਿੰਘ ਨੇ 10 ਫਰਵਰੀ ਤੋਂ ਸ਼ੁਰੂ ਹੋ ਰਹੇ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੇ ਸਿਲਸਿਲੇ ’ਚ ਮੁੱਖ ਮੰਤਰੀ ਸਕੱਤਰੇਤ ’ਚ ਭਾਜਪਾ ਦੀ ਅਗਵਾਈ ਹੇਠਲੇ ਹਾਕਮ ਗੱਠਜੋੜ ਦੇ ਵਿਧਾਇਕਾਂ ਨਾਲ ਬੀਤੇ ਦਿਨ ਮੀਟਿੰਗ ਵੀ ਕੀਤੀ ਸੀ। ਇਹ ਮੀਟਿੰਗ ਵਿਰੋਧੀ ਧਿਰ ਕਾਂਗਰਸ ਵੱਲੋਂ ਬੀਰੇਨ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਦੀ ਮੰਗ ਦੇ ਮੱਦੇਨਜ਼ਰ ਕੀਤੀ ਗਈ ਸੀ। ਮਈ 2023 ’ਚ ਸੂਬੇ ਵਿੱਚ ਜਾਤੀਗਤ ਹਿੰਸਾ ਭੜਕਣ ਤੋਂ ਬਾਅਦ 250 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਤੇ ਹਜ਼ਾਰਾਂ ਲੋਕ ਬੇਘਰ ਹੋਏ ਹਨ। -ਪੀਟੀਆਈ

ਮਨੀਪੁਰ ਪੁਲੀਸ ਵੱਲੋਂ ਤਿੰਨ ਦਹਿਸ਼ਤਗਰਦ ਗ੍ਰਿਫ਼ਤਾਰ

ਇੰਫਾਲ: ਮਨੀਪੁਰ ਪੁਲੀਸ ਨੇ ਇੰਫਾਲ ਪੱਛਮੀ ਜ਼ਿਲ੍ਹੇ ਤੋਂ ਤਿੰਨ ਅਤਿਵਾਦੀ ਗ੍ਰਿਫ਼ਤਾਰ ਕੀਤੇ ਹਨ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਸ਼ਨਿਚਰਵਾਰ ਨੂੰ ਜ਼ਿਲ੍ਹੇ ਦੇ ਨਾਰਨਕੋਂਜਿਲ ਖੇਤਰ ਤੋਂ ਪਾਬੰਦੀਸ਼ੁਦਾ ਗਰੁੱਪ ਯੂਨਾਈਟਿਡ ਨੈਸ਼ਨਲ ਲਿਬਰੇਸ਼ਨ ਫਰੰਟ ਦੇ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ। ਦੋਵੇਂ ਅਤਿਵਾਦੀ ਜਬਰਨ ਵਸੂਲੀ ਅਤੇ ਹਥਿਆਰਾਂ ਦੀ ਗੈਰ-ਕਾਨੂੰਨੀ ਤਸਕਰੀ ਵਿੱਚ ਵੀ ਸ਼ਾਮਲ ਸਨ। ਉਨ੍ਹਾਂ ਦੇ ਕਬਜ਼ੇ ’ਚੋਂ ਇੱਕ .32 ਪਿਸਤੌਲ ਅਤੇ 3,120 ਰੁਪਏ ਨਕਦੀ ਬਰਾਮਦ ਕੀਤੀ ਗਈ ਹੈ। ਇਸੇ ਤਰ੍ਹਾਂ ਕਾਂਗਜਾਬੀ ਲੀਰਾਕ ਮਾਚਿਨ ਖੇਤਰ ਤੋਂ ਵੀ ਪਾਬੰਦੀਸ਼ੁਦਾ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਇੱਕ ਅਤਿਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਵੀ ਜਬਰਨ ਵਸੂਲੀ ਦੀ ਗਤੀਵਿਧੀ ਵਿੱਚ ਸ਼ਾਮਲ ਸੀ। -ਪੀਟੀਆਈ

ਅਣਪਛਾਤਿਆਂ ਨੇ ਆਈਆਰਬੀ ਚੌਕੀ ਤੋਂ ਹਥਿਆਰ ਲੁੱਟੇ

ਇੰਫਾਲ: ਮਨੀਪੁਰ ਦੇ ਥੌਬਲ ਜ਼ਿਲ੍ਹੇ ਵਿੱਚ ਅਣਪਛਾਤੇ ਬੰਦੂਕਧਾਰੀਆਂ ਨੇ ਬੀਤੀ ਰਾਤ ਇੰਡੀਆ ਰਿਜ਼ਰਵ ਬਟਾਲੀਅਨ (ਆਈਆਰਬੀ) ਚੌਕੀ ਤੋਂ ਹਥਿਆਰ ਲੁੱਟ ਲਏ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਰਾਤ ਨੂੰ ਜ਼ਿਲ੍ਹੇ ਦੇ ਕਾਕਮਈ ਇਲਾਕੇ ਵਿੱਚ ਕੁੱਝ ਬੰਦੂਕਧਾਰੀ ਆਈਆਰਬੀ ਚੌਕੀ ਤੋਂ ਹਥਿਆਰ ਲੁੱਟ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ, ‘ਥੌਬਲ ਜ਼ਿਲ੍ਹੇ ਦੇ ਕਾਕਮਈ ਵਿੱਚ ਕਈ ਵਾਹਨਾਂ ’ਚ ਸਵਾਰ ਹੋ ਕੇ ਆਏ ਹਥਿਆਰਬੰਦ ਵਿਅਕਤੀਆਂ ਨੇ ਇੱਕ ਚੌਕੀ ਤੋਂ ਆਈਆਰਬੀ ਅਤੇ ਮਨੀਪੁਰ ਰਾਈਫਲਜ਼ ਦੇ ਜਵਾਨਾਂ ਤੋਂ ਘੱਟੋ-ਘੱਟ ਛੇ ਐੱਸਐੱਲਆਰ ਅਤੇ ਤਿੰਨ ਏਕੇ ਰਾਈਫਲਾਂ ਲੁੱਟ ਲਈਆਂ।’ -ਪੀਟੀਆਈ

ਮੁੱਖ ਮੰਤਰੀ ਦਾ ਅਸਤੀਫਾ ਦੇਰ ਨਾਲ ਚੁੱਕਿਆ ਕਦਮ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਮਨੀਪੁਰ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਐੱਨ ਬੀਰੇਨ ਸਿੰਘ ਦੇ ਅਸਤੀਫੇ ਨੂੰ ‘ਦੇਰੀ ਨਾਲ ਚੁੱਕਿਆ ਕਦਮ’ ਕਰਾਰ ਦਿੱਤਾ ਤੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਹੁਣ ‘ਲਗਾਤਾਰ ਵਿਦੇਸ਼ੀ ਦੌਰਿਆਂ ’ਤੇ ਰਹਿਣ ਵਾਲੇ ਸਾਡੇ ਪ੍ਰਧਾਨ ਮੰਤਰੀ’ ਨਰਿੰਦਰ ਮੋਦੀ ਦੇ ਆਉਣ ਦੀ ਉਡੀਕ ਹੈ। ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ ਇੰਚਾਰਜ) ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਭਲਕੇ 10 ਫਰਵਰੀ ਨੂੰ ਮਨੀਪੁਰ ਵਿਧਾਨ ਸਭਾ ’ਚ ਬੀਰੇਨ ਸਿੰਘ ਤੇ ਉਨ੍ਹਾਂ ਦੇ ਮੰਤਰੀ ਮੰਡਲ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਲਈ ਤਿਆਰ ਹੈ। ਰਮੇਸ਼ ਨੇ ਐਕਸ ’ਤੇ ਇੱਕ ਪੋਸਟ ’ਚ ਕਿਹਾ, ‘ਮਨੀਪੁਰ ਦੇ ਮੁੱਖ ਮੰਤਰੀ ਨੇ ਵਕਤ ਦੀ ਨਜ਼ਾਕਤ ਨੂੰ ਸਮਝਦਿਆਂ ਅਸਤੀਫਾ ਦੇ ਦਿੱਤਾ। ਕਾਂਗਰਸ ਮਨੀਪੁਰ ’ਚ ਹਿੰਸਾ ਭੜਕਣ ਮਗਰੋਂ ਮਈ 2023 ਦੀ ਸ਼ੁਰੂਆਤ ਤੋਂ ਇਸ ਦੀ ਮੰਗ `ਕਰ ਰਹੀ ਸੀ।’ ਉਨ੍ਹਾਂ ਕਿਹਾ, ‘ਮੁੱਖ ਮੰਤਰੀ ਦਾ ਅਸਤੀਫਾ ਦੇਰ ਨਾਲ ਦਿੱਤਾ ਗਿਆ ਹੈ। ਹੁਣ ਮਨੀਪੁਰ ਦੇ ਲੋਕ ਲਗਾਤਾਰ ਵਿਦੇਸ਼ ਯਾਤਰਾ ਕਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਦੇ ਦੌਰੇ ਦੀ ਉਡੀਕ ਕਰ ਰਹੇ ਹਨ ਜੋ ਫਰਾਂਸ ਤੇ ਅਮਰੀਕਾ ਦੀ ਯਾਤਰਾ ’ਤੇ (ਜਾਣ ਵਾਲੇ) ਹਨ।’ -ਪੀਟੀਆਈ

ਮਨੀਪੁਰ ਵਿਧਾਨ ਸਭਾ ਦਾ ਸੈਸ਼ਨ ਰੱਦ

ਇੰਫਾਲ: ਮਨੀਪੁਰ ਵਿਧਾਨ ਸਭਾ ਦੇ ਸਕੱਤਰ ਕੇ ਮੇਘਜੀਤ ਸਿੰਘ ਨੇ ਅੱਜ ਇੱਕ ਨੋਟਿਸ ਜਾਰੀ ਕਰਕੇ 10 ਫਰਵਰੀ ਤੋਂ ਸ਼ੁਰੂ ਹੋਣ ਵਾਲੇ 12ਵੀਂ ਮਨੀਪੁਰ ਵਿਧਾਨ ਸਭਾ ਦੇ 7ਵੇਂ ਸੈਸ਼ਨ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ। ਨੋਟਿਸ ਅਨੁਸਾਰ, ‘ਭਾਰਤ ਦੇ ਸੰਵਿਧਾਨ ਦੇ ਆਰਟੀਕਲ 174 ਦੀ ਧਾਰਾ (1) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਮੈਂ ਮਨੀਪੁਰ ਦਾ ਰਾਜਪਾਲ ਅਜੈ ਕੁਮਾਰ ਭੱਲਾ ਹੁਕਮ ਦਿੰਦਾ ਹਾਂ ਕਿ 12ਵੀਂ ਮਨੀਪੁਰ ਵਿਧਾਨ ਸਭਾ ਦੇ 7ਵੇਂ ਸੈਸ਼ਨ ਨੂੰ ਸੱਦਣ ਦਾ ਪਿਛਲਾ ਹੁਕਮ, ਜੋ ਹੁਣ ਤੱਕ ਸ਼ੁਰੂ ਨਹੀਂ ਹੋਇਆ, ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਜਾਂਦਾ ਹੈ।’ -ਪੀਟੀਆਈ

Advertisement
×