ਮੰਡੀ: ਬੱਦਲ ਫਟਣ ਕਾਰਨ ਪਰਿਵਾਰ ਲਾਪਤਾ, ਸਿਰਫ਼ ਦਸ ਮਹੀਨਿਆਂ ਦੀ ਬੱਚੀ ਬਚੀ
ਸ਼ਿਮਲਾ/ਕੁੱਲੂ, 6 ਜੁਲਾਈ
ਮੰਡੀ ਜ਼ਿਲ੍ਹੇ ਦੇ ਤਲਵਾਰਾ ਪਿੰਡ ਵਿੱਚ ਬੱਦਲ ਫਟਣ ਦੀ ਘਟਨਾ ਵਿੱਚ ਪਰਿਵਾਰ ਵਿੱਚੋਂ ਸ਼ਾਇਦ ਦਸ ਮਹੀਨਿਆਂ ਦੀ ਨੀਤਿਕਾ ਹੀ ਬਚੀ ਹੈ। ਉਸ ਦੇ ਪਰਿਵਾਰ ਦੇ ਬਾਕੀ ਤਿੰਨ ਮੈਂਬਰ ਇਸ ਘਟਨਾ ਵਿੱਚ ਜਾਂ ਤਾਂ ਪਾਣੀ ਵਿੱਚ ਰੁੜ੍ਹ ਗਏ ਜਾਂ ਮਾਰੇ ਗਏ। ਮੰਗਲਵਾਰ ਨੂੰ ਜਦੋਂ ਬਦਲ ਫਟਿਆ ਤਾਂ ਨੀਤਿਕਾ ਦਾ 31 ਸਾਲਾ ਪਿਤਾ ਰਮੇਸ਼ ਕੁਮਾਰ ਆਪਣੇ ਘਰ ਅੰਦਰ ਆ ਰਹੇ ਪਾਣੀ ਨੂੰ ਰੋਕਣ ਲਈ ਬਾਹਰ ਨਿਕਲਿਆ ਸੀ। ਉਸ ਦੀ ਲਾਸ਼ ਮਲਬੇ ਵਿੱਚੋਂ ਮਿਲੀ ਹੈ। ਇਸ ਮਗਰੋਂ ਨੀਤਿਕਾ ਦੀ ਮਾਂ ਰਾਧਾ ਦੇਵੀ (24) ਅਤੇ ਦਾਦੀ ਪੂਰਨੂ ਦੇਵੀ (59) ਰਮੇਸ਼ ਦੀ ਭਾਲ ਵਿੱਚ ਬਾਹਰ ਨਿਕਲੀਆਂ ਸਨ। ਦੋਵਾਂ ਔਰਤਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਗੁਆਂਢੀ ਪ੍ਰੇਮ ਸਿੰਘ ਨੇ ਬੱਚੀ ਨੂੰ ਇਕੱਲੇ ਰੋਂਦਿਆਂ ਦੇਖਿਆ ਅਤੇ ਉਸ ਨੂੰ ਰਮੇਸ਼ ਦੇ ਚਚੇਰੇ ਭਰਾ ਬਲਵੰਤ ਕੋਲ ਲੈ ਗਿਆ, ਜੋ ਸਾਬਕਾ ਮੁੱਖ ਮੰਤਰੀ ਜੈਰਾਮ ਠਾਕੁਰ ਦਾ ਨਿੱਜੀ ਸੁਰੱਖਿਆ ਅਧਿਕਾਰੀ ਹੈ। ਬਲਵੰਤ ਨੇ ਦੱਸਿਆ, ‘‘ਬੱਚੀ ਸਾਡੇ ਕੋਲ ਹੈ।’’ ਉਨ੍ਹਾਂ ਕਿਹਾ ਕਿ ਐੱਸਡੀਐੱਮ ਨੇ ਬੱਚੀ ਦੇ ਨਾਮ ਬੈਂਕ ਖਾਤਾ ਖੋਲ੍ਹਣ ਦੀ ਪੇਸ਼ਕਸ਼ ਕੀਤੀ ਹੈ ਅਤੇ ਇਹ ਕੱਲ੍ਹ ਖੋਲ੍ਹਿਆ ਜਾਵੇਗਾ।
ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਰੋਹਤਾਂਗ ਦੱਰੇ ਨਜ਼ਦੀਕ ਰਾਹਨੀ ਨਾਲਾ ਨੇੜੇ ਸ਼ਨਿੱਚਰਵਾਰ ਨੂੰ ਇੱਕ ਕਾਰ ਖੱਡ ਵਿੱਚ ਡਿੱਗ ਗਈ ਜਿਸ ਵਿੱਚ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖ਼ਮੀ ਹੋ ਗਿਆ। ਮਨਾਲੀ ਦੇ ਡੀਐੱਸਪੀ ਕੇਡੀ ਸ਼ਰਮਾ ਦੱਸਿਆ ਕਿ ਹਾਦਸੇ ਮੌਕੇ ਵਾਹਨ ਵਿੱਚ ਪੰਜ ਜਣੇ ਸਵਾਰ ਸਨ। ਇਸ ਦੌਰਾਨ ਮੰਡੀ ਜ਼ਿਲ੍ਹੇ ਦੇ ਪਧਰ ਸਬ-ਡਿਵੀਜ਼ਨ ਅਧੀਨ ਪੈਂਦੇ ਚੋਹਾਰਘਾਟੀ ਵਿੱਚ ਕੋਰਟਾਂਗ ਨੇੜੇ ਡਰੇਨ ਵਿੱਚ ਆਏ ਹੜ੍ਹ ਕਾਰਨ ਤਿੰਨ ਆਰਜ਼ੀ ਪੁਲ ਰੁੜ੍ਹ ਗਏ ਹਨ। ਨਾਲ ਹੀ ਜ਼ਮੀਨ ਦਾ ਇੱਕ ਹਿੱਸਾ ਵੀ ਵਹਿ ਗਿਆ ਹੈ। ਬੱਦਲ ਫਟਣ ਦੀ ਘਟਨਾ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਵਿੱਚ ਪਵਾਰਾ, ਥੁਨਾਗ, ਬੈਦਸ਼ਾਦ, ਕਾਂਡਾ ਅਤੇ ਮੁਰਾਦ ਹਨ। ਅਧਿਕਾਰੀਆਂ ਨੇ ਕਿਹਾ ਕਿ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ, ਅਚਾਨਕ ਹੜ੍ਹ ਅਤੇ ਢਿੱਗਾਂ ਡਿੱਗਣ ਦੀਆਂ ਦਸ ਘਟਨਾਵਾਂ ਵਿੱਚ ਹੁਣ ਤੱਕ 14 ਮੌਤਾਂ ਹੋ ਚੁੱਕੀਆਂ ਹਨ, ਜਦਕਿ 31 ਲਾਪਤਾ ਹਨ। ਸੂਬੇ ਵਿੱਚ 20 ਜੂਨ ਨੂੰ ਮੌਨਸੂਨ ਆਉਣ ਮਗਰੋਂ ਹੁਣ ਤੱਕ 74 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 47 ਮੌਤਾਂ ਬੱਦਲ ਫਟਣ, ਹੜ੍ਹ ਅਤੇ ਢਿੱਗਾਂ ਡਿੱਗਣ ਵਰਗੀਆਂ ਘਟਨਾਵਾਂ ਨਾਲ ਸਬੰਧਤ ਹਨ। ਹੁਣ ਤੱਕ 115 ਜਣੇ ਜ਼ਖ਼ਮੀ ਹੋ ਗਏ ਹਨ। ਮੌਸਮ ਵਿਭਾਗ ਨੇ ਚੰਬਾ, ਕਾਂਗੜਾ, ਕੁੱਲੂ, ਮੰਡੀ, ਬਿਲਾਸਪੁਰ, ਹਮੀਰਪੁਰ, ਸ਼ਿਮਲਾ, ਸੋਲਨ ਅਤੇ ਸਿਰਮੌਰ ਜ਼ਿਲ੍ਹਿਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਹੜ੍ਹ ਆਉਣ ਦੀ ਚਿਤਾਵਨੀ ਦਿੱਤੀ ਹੈ। ਇਸ ਦੌਰਾਨ ਮੰਡੀ ਜ਼ਿਲ੍ਹੇ ਵਿੱਚ ਲਾਪਤਾ 31 ਜਣਿਆਂ ਦੀ ਭਾਲ ਜਾਰੀ ਹੈ। ਇਸ ਦੌਰਾਨ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨੇ ਹਿਮਾਚਲ ਪ੍ਰਦੇਸ਼ ਵਿੱਚ ਵਾਰ-ਵਾਰ ਹੋ ਰਹੀਆਂ ਕੁਦਰਤੀ ਆਫ਼ਤਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਨਾਗਰਿਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਜੰਗਲਾਂ ਦੀ ਬੇਹਿਸਾਬ ਕਟਾਈ ਅਤੇ ਅਸਾਵਾਂ ਵਿਕਾਸ ਸਥਿਤੀ ਨੂੰ ਹੋਰ ਵਿਗਾੜ ਰਹੇ ਹਨ।’’ -ਪੀਟੀਆਈ/ਏਐੱਨਆਈ
ਰਾਹਤ ਕਾਰਜ ਇਸੇ ਤਰ੍ਹਾਂ ਰਹੇ ਤਾਂ ਕਾਂਗਰਸ 20 ਸਾਲ ਸੱਤਾ ’ਚ ਨਹੀਂ ਪਰਤੇਗੀ: ਕੰਗਨਾ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਮੀਂਹ ਪ੍ਰਭਾਵਿਤ ਮੰਡੀ ਦਾ ਦੌਰਾ ਕਰਨ ਮਗਰੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਨੇ ਅੱਜ ਕਿਹਾ ਕਿ ਜੇਕਰ ਸੂਬੇ ਵਿੱਚ ਰਾਹਤ ਕਾਰਜ ਇਸੇ ਰਫ਼ਤਾਰ ਨਾਲ ਚੱਲਦੇ ਰਹੇ ਤਾਂ ਕਾਂਗਰਸ ਅਗਲੇ 20 ਸਾਲਾਂ ਤੱਕ ਸੱਤਾ ਵਿੱਚ ਨਹੀਂ ਪਰਤੇਗੀ। ਲੋਕ ਸਭਾ ਹਲਕਾ ਮੰਡੀ ਦੀ ਨੁਮਾਇੰਦਗੀ ਕਰ ਰਹੀ ਕੰਗਨਾ ਨੇ ਕਿਹਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਉਹ ਸਿਰਫ਼ ਪ੍ਰਧਾਨ ਮੰਤਰੀ ਨੂੰ ਸਥਿਤੀ ਬਾਰੇ ਜਾਣੂ ਕਰਵਾ ਸਕਦੀ ਹੈ। ਕੰਗਨਾ ਨੇ ਥੁਨਾਗ ਪੰਚਾਇਤ ਵਿੱਚ ਕਿਹਾ, ‘‘ਮੈਨੂੰ ਲੋਕਾਂ ਦੀ ਦੁਰਦਸ਼ਾ ਦੇਖ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਪਰਿਵਾਰਕ ਮੈਂਬਰ ਗੁਆ ਲਏ, ਘਰ ਢਹਿ ਗਏ, ਕਈ ਲੋਕ ਅਜੇ ਵੀ ਲਾਪਤਾ ਹਨ, ਪਰ ਅਸੀਂ ਸਿਰਫ਼ ਉਨ੍ਹਾਂ ਪਰਿਵਾਰਾਂ ਨੂੰ ਦਿਲਾਸਾ ਹੀ ਦੇ ਸਕਦੇ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ ਗੁਆਏ ਹਨ ਅਤੇ ਹੁਣ ਰਾਹਤ ਮੁਹੱਈਆ ਕਰਨ ਦਾ ਸਮਾਂ ਆ ਗਿਆ ਹੈ।’’ -ਪੀਟੀਆਈ