ਮੰਡੀ: ਬੱਦਲ ਫਟਣ ਦੀਆਂ ਘਟਨਾਵਾਂ ’ਚ ਮ੍ਰਿਤਕਾਂ ਦੀ ਗਿਣਤੀ 11 ਹੋਈ
ਸ਼ਿਮਲਾ, 2 ਜੁਲਾਈ
ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ’ਚ ਬੱਦਲ ਫਟਣ ਅਤੇ ਅਚਾਨਕ ਆਏ ਹੜ੍ਹ ਕਾਰਨ ਵਾਪਰੀਆਂ ਘਟਨਾਵਾਂ ’ਚ ਮ੍ਰਿਤਕਾਂ ਦੀ ਗਿਣਤੀ ਛੇ ਹੋਰ ਲਾਸ਼ਾਂ ਮਿਲਣ ਮਗਰੋਂ ਵੱਧ ਕੇ 11 ਹੋ ਗਈ ਹੈ ਅਤੇ ਲਾਪਤਾ 34 ਵਿਅਕਤੀਆਂ ਦੀ ਭਾਲ ਜਾਰੀ ਹੈ। ਮੌਸਮ ਵਿਭਾਗ ਨੇ ਸ਼ੁੱਕਰਵਾਰ ਤੋਂ ਐਤਵਾਰ ਤੱਕ ਸੂਬੇ ਦੇ ਵੱਖ ਵੱਖ ਇਲਾਕਿਆਂ ’ਚ ਭਾਰੀ ਮੀਂਹ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਚੰਬਾ, ਕਾਂਗੜਾ, ਕੁੱਲੂ, ਮੰਡੀ ਤੇ ਸ਼ਿਮਲਾ ’ਚ ਹੜ੍ਹਾਂ ਦੀ ਚਿਤਾਵਨੀ ਵੀ ਜਾਰੀ ਕੀਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਸੂਬੇ ’ਚ ਬੱਦਲ ਫਟਣ ਦੀਆਂ 11 ਘਟਨਾਵਾਂ, ਅਚਾਨਕ ਹੜ੍ਹ ਆਉਣ ਦੀਆਂ ਚਾਰ ਘਟਨਾਵਾਂ ਵਾਪਰੀਆਂ ਤੇ ਇੱਕ ਥਾਂ ਵੱਡੇ ਪੱਧਰ ’ਤੇ ਢਿੱਗਾਂ ਡਿੱਗੀਆਂ। ਇਨ੍ਹਾਂ ’ਚੋਂ ਜ਼ਿਆਦਾਤਰ ਘਟਨਾਵਾਂ ਮੰਡੀ ਜ਼ਿਲ੍ਹੇ ’ਚ ਵਾਪਰੀਆਂ ਹਨ। ਇਨ੍ਹਾਂ ਘਟਨਾਵਾਂ ਕਾਰਨ ਆਮ ਜੀਵਨ ਪ੍ਰਭਾਵਿਤ ਹੋਇਆ ਹੈ। ਗੋਹਰ ’ਚ ਚਾਰ, ਕਰਸੋਗ ’ਚ ਤਿੰਨ, ਧਰਮਪੁਰ ’ਚ ਦੋ ਅਤੇ ਮੰਡੀ ਦੇ ਥੁਨਾਗ ’ਚ ਇੱਕ ਥਾਂ ’ਤੇ ਬੱਦਲ ਫਟਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗੋਹਰ ਦੇ ਸਿਆਂਜ ’ਚ ਦੋ ਅਤੇ ਥੁਨਾਗ, ਧਾਰ ਜਾਰੋਲ, ਪਾਂਡੀਵ ਸ਼ੀਲ ਅਤੇ ਜੋਗਿੰਦਰਨਗਰ ਦੇ ਨੇਰੀ ਕੋਟਲਾ ਖੇਤਰਾਂ ’ਚੋਂ ਇੱਕ-ਇੱਕ ਲਾਸ਼ ਬਰਾਮਦ ਕੀਤੀ ਗਈ ਹੈ। ਗੋਹਰ ਦੇ ਬਾੜਾ ’ਚ ਬੀਤੇ ਦਿਨ ਦੋ ਅਤੇ ਤਲਵਾੜਾ ਤੇ ਕਰਸੋਗ ਦੇ ਪੁਰਾਣੇ ਬਾਜ਼ਾਰ ’ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਸੀ। ਜੋਗਿੰਦਰਨਗਰ ਦੇ ਨੇਰੀ ਕੋਟਲਾ ’ਚੋਂ ਵੀ ਇੱਕ ਲਾਸ਼ ਮਿਲੀ ਸੀ। ਭਾਰੀ ਮੀਂਹ ਕਾਰਨ ਸੂਬੇ ’ਚ ਕੁੱਲ 245 ਸੜਕਾਂ ਬੰਦ ਹਨ ਅਤੇ 918 ਟਰਾਂਸਫਾਰਮਰ ਤੇ 639 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਸੂਬਾਈ ਐਮਰਜੈਂਸੀ ਕੇਂਦਰ ਅਨੁਸਾਰ ਸਭ ਤੋਂ ਵੱਧ ਨੁਕਸਾਨ ਮੰਡੀ ’ਚ ਹੋਇਆ ਜਿੱਥੇ ਅੱਜ ਸਵੇਰ ਤੱਕ 151 ਸੜਕਾਂ ਆਵਾਜਾਈ ਲਈ ਬੰਦ ਰਹੀਆਂ ਅਤੇ 489 ਟਰਾਂਸਫਾਰਮਰ ਤੇ 465 ਜਲ ਸਪਲਾਈ ਯੋਜਨਾਵਾਂ ਪ੍ਰਭਾਵਿਤ ਰਹੀਆਂ। ਇਸ ਤੋਂ ਇਲਾਵਾ 148 ਮਕਾਨ, 104 ਗਊਸ਼ਾਲਾਵਾਂ, 31 ਵਾਹਨ, 14 ਪੁਲ ਤੇ ਕਈ ਸੜਕਾਂ ਨੁਕਸਾਨੀਆਂ ਗਈਆਂ ਅਤੇ 162 ਪਸ਼ੂ ਮਾਰੇ ਗਏ ਹਨ ਜਦਕਿ ਮੰਡੀ ’ਚ 316 ਵਿਅਕਤੀਆਂ ਸਮੇਤ ਕੁੱਲ 370 ਵਿਅਕਤੀ ਬਚਾਏ ਗਏ ਹਨ ਤੇ 11 ਹੁਣ ਵੀ ਫਸੇ ਹੋਏ ਹਨ। ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀਆਂ ਟੀਮਾਂ ਖੋਜ ਤੇ ਬਚਾਅ ਕਾਰਜਾਂ ’ਚ ਲੱਗੀਆਂ ਹੋਈਆਂ ਹਨ। -ਪੀਟੀਆਈ
ਮੁੱਖ ਮੰਤਰੀ ਵੱਲੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ
ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਅੱਜ ਹੜ੍ਹ ਤੇ ਮੀਂਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਧਰਮਪੁਰ ’ਚ ਲੌਂਗਾਨੀ ਪੰਚਾਇਤ ਦੇ ਆਫ਼ਤ ਪ੍ਰਭਾਵਿਤ ਸਯਾਥੀ ਪਿੰਡ ਦਾ ਦੌਰਾ ਕਰਦਿਆਂ ਮੁੱਖ ਮੰਤਰੀ ਨੁਕਸਾਨੇ ਘਰਾਂ ਦੇ ਮੁੜ ਨਿਰਮਾਣ ’ਚ ਸਹਾਇਤਾ ਲਈ ਵਿਸ਼ੇਸ਼ ਰਾਹਤ ਪੈਕੇਜ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਗੁਆਚੇ ਪਸ਼ੂਆਂ ਤੇ ਨੁਕਸਾਨੀਆਂ ਗਊਸ਼ਾਲਾਵਾਂ ਲਈ ਮੁਆਵਜ਼ਾ ਵੀ ਦਿੱਤਾ ਜਾਵੇਗਾ। ਸੁੱਖੂ ਮੰਡੀ-ਕੋਟਲੀ ਸੜਕ ਦੇ ਹੋਏ ਨੁਕਸਾਨ ਦਾ ਵੀ ਜਾਇਜ਼ਾ ਲਿਆ।