ਰੀਲ ਬਣਾਉਣ ਲਈ ਸੱਪ ਨੂੰ ਚੁੰਮਣ ਦੀ ਕੋਸ਼ਿਸ਼, ਡੰਗ ਵੱਜਣ ਕਾਰਨ ਪਹੁੰਚਿਆ ਹਸਪਤਾਲ
ਮੁਰਾਦਾਬਾਦ, 16 ਜੂਨ
ਲੋਕ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਣ ਲਈ ਅਨੋਖੀਆਂ ਰੀਲਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਤਰ੍ਹਾਂ ਦੇ ਜ਼ੋਖਮ ਭਰੇ ਕੰਮ ਕਰਦੇ ਦਿਖਾਈ ਦਿੰਦੇ ਹਨ। ਅਮਰੋਹਾ ਜ਼ਿਲ੍ਹੇ ਦੇ ਹੈਬਤਪੁਰ ਪਿੰਡ ਤੋਂ ਇਸੇ ਤਰ੍ਹਾਂ ਦਾ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਰੀਲ ਬਣਾਉਣ ਲਈ ਸੱਪ ਨੂੰ ਚੁੰਮਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੌਰਾਨ ਸੱਪ ਨੇ ਉਸ ਦੀ ਜੀਭ ’ਤੇ ਡੰਗ ਮਾਰ ਦਿੱਤਾ, ਜਿਸ ਤੋਂ ਬਾਅਦ ਵਿਅਕਤੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਵਾਇਰਲ ਹੋ ਰਹੀ ਹੈ, ਜਿਸ ਦੀ ਲੋਕਾਂ ਨੇ ਤਿੱਖੀ ਆਲੋਚਨਾ ਵੀ ਕੀਤੀ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਸ਼ੁੱਕਰਵਾਰ ਸ਼ਾਮ ਨੂੰ ਅਮਰੋਹਾ ਜ਼ਿਲ੍ਹੇ ਦੇ ਹੈਬਤਪੁਰ ਪਿੰਡ ਵਿੱਚ ਵਾਪਰੀ, ਜਿੱਥੇ ਕਿਸਾਨ ਜਤਿੰਦਰ ਕੁਮਾਰ (50) ਨੇ ਸੱਪ ਨੂੰ ਫੜਨ ਤੋਂ ਬਾਅਦ ਉਸ ਨਾਲ ਇੱਕ ਵੀਡੀਓ ਬਣਾਉਣ ਦਾ ਫੈਸਲਾ ਕੀਤਾ।
ਕੁਮਾਰ ਨੇ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਸੱਪ ਦੇ ਨਾਲ ਫੋਟੋ ਖਿੱਚਵਾਈ ਅਤੇ ਰੀਲ ਬਣਵਾਈ, ਜਿਸ ਨੂੰ ਉੱਥੇ ਮੌਜੂਦ ਕਈ ਲੋਕਾਂ ਨੇ ਰਿਕਾਰਡ ਵੀ ਕੀਤਾ। ਸਥਾਨਕ ਲੋਕਾਂ ਅਨੁਸਾਰ ਕੁਮਾਰ ਉਸ ਸਮੇਂ ਨਸ਼ੇ ਵਿੱਚ ਸੀ ਅਤੇ ਸਿਗਰਟ ਪੀ ਰਿਹਾ ਸੀ।
ਕਥਿਤ ਵੀਡੀਓ ਵਿੱਚ ਕੁਮਾਰ ਸੱਪ ਨੂੰ ਆਪਣੀ ਗਰਦਨ ਦੇ ਆਲੇ-ਦੁਆਲੇ ਲਪੇਟਦੇ ਹੋਏ ਅਤੇ ਹੌਲੀ-ਹੌਲੀ ਉਸ ਦੇ ਸਿਰ ਨੂੰ ਆਪਣੇ ਮੂੰਹ ਵੱਲ ਲਿਆਉਂਦੇ ਹੋਏ ਦੇਖਿਆ ਜਾ ਸਕਦਾ ਹੈ। ਜਿਵੇਂ ਹੀ ਉਸ ਨੇ ਆਪਣੀ ਜੀਭ ਸੱਪ ਵੱਲ ਵਧਾਈ ਤਾਂ ਉਸ ਨੇ ਅਚਾਨਕ ਹਮਲਾ ਕੀਤਾ ਅਤੇ ਕੱਟ ਲਿਆ। ਸੱਪ ਦੇ ਡੱਸਣ ਤੋਂ ਬਾਅਦ ਕੁਮਾਰ ਦੀ ਹਾਲਤ ਵਿਗੜ ਗਈ। ਜਿਸ ਉਪਰੰਤ ਉਸ ਨੂੰ ਨੇੜਲੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਅਤੇ ਉਸ ਨੂੰ ਅੱਗੇ ਲਈ ਰੈਫਰ ਕਰ ਦਿੱਤਾ ਗਿਆ। -ਪੀਟੀਆਈ