Man tries to immolate self: ਸੰਸਦ ਭਵਨ ਕੋਲ ਵਿਅਕਤੀ ਨੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ
ਨਵੀਂ ਦਿੱਲੀ, 25 ਦਸੰਬਰ ਕੌਮੀ ਰਾਜਧਾਨੀ ਵਿੱਚ ਨਵੇਂ ਸੰਸਦ ਭਵਨ ਕੋਲ ਇਕ ਵਿਅਕਤੀ ਨੇ ਅੱਜ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦਿੱਲੀ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੀੜਤ ਦੀ ਪਛਾਣ ਜਿਤੇਂਦਰ ਦੇ ਰੂਪ ਵਿੱਚ...
ਨਵੀਂ ਦਿੱਲੀ, 25 ਦਸੰਬਰ
ਕੌਮੀ ਰਾਜਧਾਨੀ ਵਿੱਚ ਨਵੇਂ ਸੰਸਦ ਭਵਨ ਕੋਲ ਇਕ ਵਿਅਕਤੀ ਨੇ ਅੱਜ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਦਿੱਲੀ ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੀੜਤ ਦੀ ਪਛਾਣ ਜਿਤੇਂਦਰ ਦੇ ਰੂਪ ਵਿੱਚ ਹੋਈ ਅਤੇ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਕਰੀਬ 30 ਸਾਲ ਹੈ।
ਅਧਿਕਾਰੀ ਨੇ ਦੱਸਿਆ ਕਿ ਸੰਸਦ ਭਵਨ ਦੇ ਸਾਹਮਣੇ ਰੇਲ ਭਵਨ ਕੋਲ ਵਾਪਰੀ ਇਸ ਘਟਨਾ ਬਾਰੇ ਬਾਅਦ ਦੁਪਹਿਰ 3.35 ਵਜੇ ਸੂਚਨਾ ਮਿਲੀ, ਜਿਸ ਮਗਰੋਂ ਫਾਇਰ ਵਿਭਾਗ ਦੀ ਇਕ ਗੱਡੀ ਨੂੰ ਮੌਕੇ ’ਤੇ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਸੰਸਦ ਕੋਲ ਤਾਇਨਾਤ ਸੁਰੱਖਿਆ ਕਰਮੀ ਉਸ ਵਿਅਕਤੀ ਨੂੰ ਰਾਮ ਮਨੋਹਰ ਲੋਹੀਆ ਹਸਪਤਾਲ ਲੈ ਕੇ ਗਏ।
ਇਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ, ‘‘ਉਸ ਨੇ ਰੇਲ ਭਵਨ ਕੋਲ ਗੋਲ ਚੱਕਰ ’ਤੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਸਥਾਨਕ ਪੁਲੀਸ ਤੇ ਰੇਲਵੇ ਪੁਲੀਸ ਨੇ ਕੁਝ ਲੋਕਾਂ ਨਾਲ ਮਿਲ ਕੇ ਤੁਰੰਤ ਅੱਗ ਬੁਝਾਈ ਅਤੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ।’’
ਸ਼ੁਰੂਆਤੀ ਜਾਂਚ ਮੁਤਾਬਕ, ਬਾਗਪਤ ਵਿੱਚ ਆਪਣੇ ਘਰ ’ਤੇ ਕੁਝ ਲੋਕਾਂ ਨਾਲ ਵਿਵਾਦ ਕਰ ਕੇ ਜਿਤੇਂਦਰ ਨੇ ਇਹ ਕਦਮ ਉਠਾਇਆ। ਪੁਲੀਸ ਨੇ ਦੱਸਿਆ ਕਿ ਜਿਤੇਂਦਰ ਅੱਜ ਸਵੇਰੇ ਰੇਲਗੱਡੀ ਰਾਹੀਂ ਦਿੱਲੀ ਪਹੁੰਚਿਆ ਸੀ। ਘਟਨਾ ਸਥਾਨ ਤੋਂ ਉਸ ਦਾ ਅੱਧਾ ਸੜਿਆ ਹੋਇਆ ਬੈਗ ਤੇ ਕੁਝ ਹੋਰ ਸਾਮਾਨ ਬਰਾਮਦ ਹੋੋਇਆ ਹੈ।
ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਨਾਲ ਸੰਪਰਕ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। -ਪੀਟੀਆਈ