ਰਾਅ ਅਧਿਕਾਰੀ ਹੋਣ ਦਾ ਦਿਖਾਵਾ ਕਰਨ ਵਾਲਾ ਗ੍ਰਿਫਤਾਰ
ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF) ਦੀ ਨੋਇਡਾ ਯੂਨਿਟ ਨੇ ਕਥਿਤ ਤੌਰ ’ਤੇ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦੇ ਅਧਿਕਾਰੀ ਵਜੋਂ ਪੇਸ਼ ਹੋਣ ਦੇ ਦੋਸ਼ ਵਿੱਚ ਇੱਕ 32 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਨੀਤ...
ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF) ਦੀ ਨੋਇਡਾ ਯੂਨਿਟ ਨੇ ਕਥਿਤ ਤੌਰ ’ਤੇ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦੇ ਅਧਿਕਾਰੀ ਵਜੋਂ ਪੇਸ਼ ਹੋਣ ਦੇ ਦੋਸ਼ ਵਿੱਚ ਇੱਕ 32 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਸੁਨੀਤ ਕੁਮਾਰ ਨੂੰ ਮੰਗਲਵਾਰ ਸ਼ਾਮ ਨੂੰ ਫੜਿਆ ਗਿਆ ਅਤੇ ਉਸ ਦੇ ਕਬਜ਼ੇ ਵਿੱਚੋਂ ਕਈ ਜਾਅਲੀ ਪਛਾਣ ਦਸਤਾਵੇਜ਼, ਜਿਸ ਵਿੱਚ ਉਸ ਦੀ ਫੋਟੋ ਵਾਲਾ ਇੱਕ ਨਕਲੀ ਰਾਅ ਅਫ਼ਸਰ ਦਾ ਆਈ.ਡੀ. ਵੀ ਸ਼ਾਮਲ ਹੈ, ਬਰਾਮਦ ਕੀਤੇ ਗਏ।
ਅਡੀਸ਼ਨਲ ਸੁਪਰਡੈਂਟ ਆਫ਼ ਪੁਲੀਸ (ਐਸ.ਟੀ.ਐਫ. ਨੋਇਡਾ) ਰਾਜ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਕੁਮਾਰ, ਜੋ ਮੂਲ ਰੂਪ ਵਿੱਚ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੇ ਅਜੋਈ ਪਿੰਡ ਦਾ ਰਹਿਣ ਵਾਲਾ ਹੈ, ਇਸ ਸਮੇਂ ਗਰੇਟਰ ਨੋਇਡਾ ਦੇ ਸੂਰਜਪੁਰ ਪੁਲੀਸ ਸਟੇਸ਼ਨ ਖੇਤਰ ਵਿੱਚ ਰਹਿ ਰਿਹਾ ਸੀ।
ਮਿਸ਼ਰਾ ਨੇ ਕਿਹਾ, "ਉਸ ਦੇ ਕਬਜ਼ੇ 'ਚੋਂ ਉਸ ਦੀ ਫੋਟੋ ਵਾਲਾ ਇੱਕ ਨਕਲੀ ਰਾਅ ਅਫ਼ਸਰ ਦਾ ਆਈ ਡੀ ਬਰਾਮਦ ਕੀਤਾ ਗਿਆ। ਇਸ ਤੋਂ ਇਲਾਵਾ, ਵੱਖ-ਵੱਖ ਨਾਵਾਂ ਵਾਲੇ ਪਰ ਉਸਦੀ ਫੋਟੋ ਵਾਲੇ ਵੋਟਰ ਆਈ.ਡੀ. ਕਾਰਡ, ਪੈਨ ਕਾਰਡ ਅਤੇ ਕਈ ਹੋਰ ਦਸਤਾਵੇਜ਼ ਵੀ ਬਰਾਮਦ ਕੀਤੇ ਗਏ।"
ਐੱਸ ਟੀ ਐੱਫ ਅਨੁਸਾਰ ਜ਼ਬਤ ਕੀਤੀਆਂ ਗਈਆਂ ਚੀਜ਼ਾਂ ਵਿੱਚ ਦੋ ਨਕਲੀ ਆਈ.ਡੀ., ਵੱਖ-ਵੱਖ ਬੈਂਕਾਂ ਦੀਆਂ 20 ਚੈੱਕ ਬੁੱਕ, ਅੱਠ ਡੈਬਿਟ ਅਤੇ ਕ੍ਰੈਡਿਟ ਕਾਰਡ, ਪੰਜ ਪੈਨ ਕਾਰਡ, ਵੱਖ-ਵੱਖ ਨਾਵਾਂ ਵਾਲੇ 17 ਸਮਝੌਤੇ, ਦੋ ਆਧਾਰ ਕਾਰਡ, ਤਿੰਨ ਵੋਟਰ ਆਈ.ਡੀ. ਕਾਰਡ, ਅਤੇ ਕਈ ਹੋਰ ਦਸਤਾਵੇਜ਼ ਸ਼ਾਮਲ ਹਨ। ਅਧਿਕਾਰੀ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ। -ਪੀਟੀਆਈ

