ਮਮਤਾ ਨੇ ਅਧਿਕਾਰੀਆਂ ਦੀ ਮੁਅੱਤਲੀ ’ਤੇ ਚੋਣ ਕਮਿਸ਼ਨ ਨੂੰ ਘੇਰਿਆ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਚਾਰ ਅਧਿਕਾਰੀਆਂ ਦੀ ਮੁਅੱਤਲੀ ਮਾਮਲੇ ’ਚ ਚੋਣ ਕਮਿਸ਼ਨ ਨੂੰ ਘੇਰਿਆ ਹੈ। ਉਨ੍ਹਾਂ ਚੋਣ ਕਮਿਸ਼ਨ ਦੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਕਰਮਚਾਰੀਆਂ ਦੇ ਨਾਲ ਡਟ ਕੇ ਖੜ੍ਹੀ ਹੈ। ਦੱਸਣਯੋਗ ਹੈ ਕਿ ਮੰਗਲਵਾਰ ਨੂੰ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਚਾਰ ਅਧਿਕਾਰੀਆਂ ਅਤੇ ਇਕ ਕਰਮਚਾਰੀ ਨੂੰ ਦੋ ਜ਼ਿਲ੍ਹਿਆਂ ਵਿੱਚ ਵੋਟਰ ਸੂਚੀਆਂ ਦੇ ਕੰਮ ਦੌਰਾਨ ਕਥਿਤ ਤੌਰ ’ਤੇ ਡਿਊਟੀ ’ਚ ਅਣਗਹਿਲੀ ਵਰਤਣ ਅਤੇ ਗਲਤੀਆਂ ਕਰਨ ਖ਼ਿਲਾਫ਼ ਮੁਅੱਤਲ ਕੀਤਾ ਸੀ। ਚੋਣ ਪੈਨਲ ਨੇ ਦੋ ਚੋਣ ਰਜਿਸਟ੍ਰੇਸ਼ਨ ਅਫਸਰਾਂ (ਈਆਰਓਜ਼), ਦੋ ਸਹਾਇਕ ਚੋਣ ਰਜਿਸਟ੍ਰੇਸ਼ਨ ਅਫਸਰਾਂ ਅਤੇ ਡੇਟਾ ਐਂਟਰੀ ਅਪਰੇਟਰ ਖ਼ਿਲਾਫ਼ ਕੇਸ ਦਰਜ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ। ਮਮਤਾ ਬੈਨਰਜੀ ਨੇ ਕਿਹਾ ,‘‘ਅਸੀਂ ਸਾਰੇ ਜਾਣਦੇ ਹਾਂ ਕਿ ਚੋਣ ਕਮਿਸ਼ਨ ਸਿਰਫ ਚੋਣ ਤਰੀਕਾਂ ਦੇ ਐਲਾਨ ਤੋਂ ਬਾਅਦ ਹੀ ਕਾਰਵਾਈ ਕਰ ਸਕਦਾ ਹੈ।’’ ਅਗਲੇ ਸਾਲ ਦੇ ਮੱਧ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੱਛਮੀ ਬੰਗਾਲ ’ਚ ਤਿੱਖੀ ਸਿਆਸੀ ਬਹਿਸ ਛਿੜੀ ਹੋਈ ਹੈ ਕਿ ਗੁਆਂਢੀ ਰਾਜ ਬਿਹਾਰ ਦੀ ਤਰਜ਼ ’ਤੇ ਸੂਬੇ ’ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੋਧ (ਐੱਸਆਈਆਰ) ਕੀਤੀ ਜਾਵੇਗੀ। ਮਮਤਾ ਬੈਨਰਜੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੇ ਸਾਰੇ ਅਧਿਕਾਰੀਆਂ ਅਤੇ ਹੋਰ ਕਰਮਚਾਰੀਆਂ ਦੇ ਨਾਲ ਖੜ੍ਹੀ ਹੈ। ਭਲਾਈ ਸਕੀਮਾਂ ਦੇ ਸਰਕਾਰੀ ਵੰਡ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਸਵਾਲ ਕੀਤਾ ਕਿ ਮੁਅੱਤਲੀਆਂ ਦਾ ਹੁਕਮ ਕਿਸ ਨਿਯਮ ਦੇ ਤਹਿਤ ਦਿੱਤਾ ਗਿਆ ਹੈ? ਉਨ੍ਹਾਂ ਦਾਅਵਾ ਕੀਤਾ,‘‘ਸੰਵਿਧਾਨ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਚੋਣ ਕਮਿਸ਼ਨ ਚੋਣਾਂ ਦੀ ਮਿਤੀ ਦੇ ਐਲਾਨ ਤੋਂ ਬਾਅਦ ਹੀ ਕਾਰਵਾਈ ਕਰ ਸਕਦਾ ਹੈ।’’ ਲੋਕ ਸਭਾ ਵਿੱਚ ਟੀਐੱਮਸੀ ਦੇ ਨੇਤਾ, ਅਭਿਸ਼ੇਕ ਬੈਨਰਜੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਇੱਕ ਨਿਰਪੱਖ ਸੰਗਠਨ ਹੈ ਅਤੇ ਉਸ ਨੂੰ ਸੰਵਿਧਾਨ ਦੇ ਦਾਇਰੇ ਵਿੱਚ ਕੰਮ ਕਰਨਾ ਪਵੇਗਾ।
ਭਾਜਪਾ ਦਾ ਵਫ਼ਦ ਚੋਣ ਕਮਿਸ਼ਨ ਨੂੰ ਮਿਲਿਆ
ਨਵੀਂ ਦਿੱਲੀ: ਭਾਜਪਾ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਸੂਬੇ ਦੇ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੇ ਨਿਯਮਾਂ ਦੀ ਉਲੰਘਣਾ ਲਈ ‘ਉਕਸਾਉਣ’ ਦਾ ਦੋਸ਼ ਲਾਇਆ ਹੈ। ਪੱਛਮੀ ਬੰਗਾਲ ਲਈ ਪਾਰਟੀ ਦੇ ਸਹਿ-ਇੰਚਾਰਜ ਅਮਿਤ ਮਾਲਵੀਆ ਦੀ ਅਗਵਾਈ ਹੇਠ ਭਾਜਪਾ ਸੰਸਦ ਮੈਂਬਰਾਂ ਦੇ ਵਫ਼ਦ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਬੈਨਰਜੀ ਦੀਆਂ ਟਿੱਪਣੀਆਂ ਨੂੰ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਹੈ। -ਪੀਟੀਆਈ