ਮਮਤਾ ਨੇ ਭਤੀਜੇ ਅਭਿਸ਼ੇਕ ਨੂੰ ਸੰਸਦ ਵਿਚ ਪਾਰਟੀ ਦਲ ਦਾ ਆਗੂ ਬਣਾਇਆ
ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਸੁਦੀਪ ਬੰਧੋਪਾਧਿਆਏ ਦੀ ਥਾਂ ਸੰਸਦ ਵਿਚ ਪਾਰਟੀ ਦਾ ਆਗੂ ਨਾਮਜ਼ਦ ਕੀਤਾ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਪਾਰਟੀ ਦੇ ਸੰਸਦ ਮੈਂਬਰਾਂ ਨਾਲ ਵਰਚੁਅਲ ਮੀਟਿੰਗ ਦੌਰਾਨ ਇਹ ਐਲਾਨ ਕੀਤਾ। ਅਭਿਸ਼ੇਕ ਤੀਜੀ ਵਾਰ ਸੰਸਦ ਮੈਂਬਰ ਬਣੇ ਹਨ।
ਬੰਧੋਪਾਧਿਆਏ, ਜੋ ਕੋਲਕਾਤਾ ਉੱਤਰੀ ਤੋਂ ਚੌਥੀ ਵਾਰ ਸੰਸਦ ਮੈਂਬਰ ਚੁਣੇ ਗਏ ਹਨ, ਸਾਲ 2011 ਤੋਂ ਸੰਸਦ ਵਿਚ ਤ੍ਰਿਣਮੂਲ ਕਾਂਗਰਸ ਦੇ ਆਗੂ ਹਨ। ਮਮਤਾ ਬੈਨਰਜੀ ਨੇ ਮੁੱਖ ਮੰਤਰੀ ਬਣਨ ਮਗਰੋਂ ਇਹ ਅਹੁਦਾ ਛੱਡ ਦਿੱਤਾ ਸੀ।
ਇਸ ਦੌਰਾਨ ਕਲਿਆਣ ਬੈਨਰਜੀ ਨੇ ਲੋਕ ਸਭਾ ਵਿਚ ਟੀਐੱਮਸੀ ਵ੍ਹਿਪ ਦਾ ਅਹੁਦਾ ਛੱਡ ਦਿੱਤਾ ਹੈ। ਮਮਤਾ ਬੈਨਰਜੀ ਨੇ ਐਲਾਨ ਕੀਤਾ ਕਿ ਕਾਕੋਲੀ ਘੋਸ਼ ਰੋਜ਼ਮਰ੍ਹਾਂ ਦੇ ਮਸਲਿਆਂ ’ਤੇ ਤਾਲਮੇਲ ਕਰਨਗੇ। ਸੇਰਾਮਪੁਰ ਤੋਂ ਸੰਸਦ ਮੈਂਬਰ ਕਲਿਆਣ ਨੇ ਮਗਰੋਂ X ’ਤੇ ਇਕ ਪੋਸਟ ਵਿਚ ਕਿਹਾ ਕਿ ਉਨ੍ਹਾਂ ਨੇ ਇੱਕ ਟੀਵੀ ਪੋਡਕਾਸਟ ਵਿੱਚ ਸਹਿਯੋਗੀ ਮਹੂਆ ਮੋਇਤਰਾ ਵੱਲੋਂ ‘ਅਣਮਨੁੱਖੀ’ ਟਿੱਪਣੀਆਂ ਦੇ ਵਿਰੋਧ ਵਿੱਚ ਅਸਤੀਫਾ ਦਿੱਤਾ ਹੈ, ਜਿੱਥੇ ਮੋਇਤਰਾ ਨੇ ਉਨ੍ਹਾਂ ਨੂੰ ‘ਸੂਰ’ ਕਿਹਾ ਸੀ।