Mallikarjun Kharge: ਸਰਕਾਰ ਨੇ ਮੱਧ ਵਰਗ ਨੂੰ ਲੁੱਟਣ ਦਾ ਠੇਕਾ ਲਿਆ: ਖੜਗੇ
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਸਰਕਾਰ ’ਤੇ ਸੇਧਿਆ ਨਿਸ਼ਾਨਾ
ਨਵੀਂ ਦਿੱਲੀ, 27 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪੈਟਰੌਲੀਅਮ ਉਤਪਾਦਾਂ ਦੀਆਂ ਕੀਮਤਾਂ ਨੂੰ ਲੈ ਕੇ ਅੱਜ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਸਰਕਾਰ ਨੇ ਮੱਧ ਵਰਗ ਨੂੰ ਲੁੱਟਣ ਦਾ ਠੇਕਾ ਲੈ ਰੱਖਿਆ ਹੈ। ਖੜਗੇ ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ, ‘‘ਪੈਟਰੋਲ ਅਤੇ ਡੀਜ਼ਲ ’ਤੇ ਵਾਧੂ ਟੈਕਸ, ਡਿਊਟੀਆਂ ਅਤੇ ਸਰਚਾਰਜ ਲਗਾ ਕੇ ਮੋਦੀ ਸਰਕਾਰ ਨੇ ਆਮ ਜਨਤਾ ਤੋਂ ਲੱਖਾਂ ਰੁਪਏ ਦੀ ਲੁੱਟ ਕੀਤੀ ਹੈ। ਸੰਸਦ ਵਿੱਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਮੁਤਾਬਕ ਸਰਕਾਰ ਨੇ ਪਿਛਲੇ ਪੰਜ ਸਾਲਾਂ ਵਿੱਚ ਲੋਕਾਂ ਦੀਆਂ ਜੇਬਾਂ ’ਚੋਂ 36 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਤਰਕ ਇਹ ਦੇਵੇਗੀ ਕਿ ਇਹ ਪੈਸਾ ਲੋਕ ਭਲਾਈ ਯੋਜਨਾਵਾਂ ’ਤੇ ਖਰਚ ਹੁੰਦਾ ਹੈ। ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ ਨੇ ਲਗਾਤਾਰ ਲੋਕ ਭਲਾਈ ਯੋਜਨਾਵਾਂ ਦਾ ਫੰਡ ਵਧਾਉਣ ਦੀ ਥਾਂ ਅੰਕੜਿਆਂ ਦੀ ਹੇਰਾ-ਫੇਰੀ ਅਤੇ ਤੱਥਾਂ ਨਾਲ ਛੇੜ-ਛਾੜ ਕਰਕੇ ਇਸ ਨੂੰ ਘੱਟ ਕੀਤਾ ਹੈ। ਉਨ੍ਹਾਂ ਦਾਅਵਾ ਕੀਤਾ, ‘‘ਮਈ 2014 ਤੋਂ ਹੁਣ ਤੱਕ ਕੱਚੇ ਤੇਲ ਦੀਆਂ ਕੀਮਤਾਂ ’ਚ 32 ਫ਼ੀਸਦੀ ਕਮੀ ਆਈ ਹੈ ਪਰ ਮੋਦੀ ਸਰਕਾਰ ਦੀ ਪੈਟਰੋਲ-ਡੀਜ਼ਲ ’ਤੇ ਲੁੱਟ ਜਾਰੀ ਹੈ। ਖੜਗੇ ਨੇ ਦਾਅਵਾ ਕੀਤਾ, ‘‘ਅਜਿਹਾ ਲੱਗਦਾ ਹੈ ਕਿ ਮੱਧ ਵਰਗ ਨੂੰ ਲੁੱਟਣ ਲਈ ਮੋਦੀ ਸਰਕਾਰ ਨੇ ਕੋਈ ਠੇਕਾ ਲਿਆ ਹੋਇਆ ਹੈ। -ਪੀਟੀਆਈ