ਸਦਾਚਾਰ ਕਮੇਟੀ ਤੋਂ ਮਹੂਆ ਨੂੰ ਨਾ ਮਿਲੀ ਮੋਹਲਤ
ਨਵੀਂ ਦਿੱਲੀ, 28 ਅਕਤੂਬਰ
ਲੋਕ ਸਭਾ ਦੀ ਸਦਾਚਾਰ ਕਮੇਟੀ (ਐਥਿਕਸ ਕਮੇਟੀ) ਨੇ ਅੱਜ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੂੰ ਪੇਸ਼ੀ ਲਈ 5 ਨਵੰਬਰ ਤੱਕ ਦਾ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਸਵਾਲਾਂ ਬਦਲੇ ਨਗਦੀ ਦੇ ਇਸ ਮਾਮਲੇ ਵਿਚ ਸੰਸਦੀ ਕਮੇਟੀ ਨੇ ਟੀਐਮਸੀ ਆਗੂ ਨੂੰ 2 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਜਦਕਿ ਮੋਇਤਰਾ ਨੇ ਕਮੇਟੀ ਨੂੰ ਬੇਨਤੀ ਕੀਤੀ ਸੀ ਕਿ ਉਸ ਨੂੰ 5 ਨਵੰਬਰ ਤੋਂ ਬਾਅਦ ਸੱਦਿਆ ਜਾਵੇ। ਕਮੇਟੀ ਦੀ ਅਗਵਾਈ ਕਰ ਰਹੇ ਭਾਜਪਾ ਸੰਸਦ ਮੈਂਬਰ ਵਨਿੋਦ ਕੁਮਾਰ ਸੋਨਕਰ ਨੇ ਸਖ਼ਤ ਲਹਿਜ਼ੇ ’ਚ ਮੋਇਤਰਾ ਨੂੰ ਦੱਸਿਆ ਕਿ ‘ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ’ ਕਮੇਟੀ ਕਿਸੇ ਵੀ ਕਾਰਨ ਲਈ ਹੋਰ ਸਮਾਂ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਸੰਸਦ ਤੇ ਇਸ ਦੇ ਮੈਂਬਰਾਂ ਦੀ ਮਰਿਆਦਾ ਨਾਲ ਜੁੜਿਆ ਹੋਇਆ ਹੈ। ਮਹੂਆ ਮੋਇਤਰਾ ਨੇ ਸ਼ੁੱਕਰਵਾਰ ਆਪਣੇ ਉਤੇ ਲੱਗੇ ਦੋਸ਼ਾਂ ਦੀ ਜਾਂਚ ਕਰ ਰਹੀ ਕਮੇਟੀ ਨੂੰ ਲਿਖ ਕੇ ਜਾਣੂ ਕਰਾਇਆ ਸੀ ਕਿ ਉਹ ਤੈਅ ਕੀਤੀ ਮਿਤੀ 31 ਅਕਤੂਬਰ ਨੂੰ ਪੇਸ਼ ਨਹੀਂ ਹੋ ਸਕਦੀ, ਤੇ ਉਹ ਸਿਰਫ਼ 5 ਨਵੰਬਰ ਤੋਂ ਬਾਅਦ ਹੀ ਆ ਸਕਦੀ ਹੈ। ਇਸ ਤਰ੍ਹਾਂ ਕਮੇਟੀ ਨੇ ਪੇਸ਼ੀ ਲਈ ਪਹਿਲਾਂ ਤੋਂ ਤੈਅ ਮਿਤੀ ਵਿਚ 2 ਦਿਨਾਂ ਦਾ ਵਾਧਾ ਕੀਤਾ ਹੈ ਤੇ ਮੋਇਤਰਾ ਨੂੰ 2 ਨਵੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਲੋਕ ਸਭਾ ਸਕੱਤਰੇਤ ਨੇ ਮੋਇਤਰਾ ਨੂੰ ਅੱਜ ਦੱਸਿਆ, ‘ਸਦਾਚਾਰ ਕਮੇਟੀ ਦੇ ਚੇਅਰਪਰਸਨ ਨੇ ਤੁਹਾਡੀ ਸੁਣਵਾਈ ਦੀ ਤਰੀਕ ’ਚ ਵਾਧੇ ਦੀ ਬੇਨਤੀ ਮੰਨ ਲਈ ਹੈ, ਇਸ ਤਰ੍ਹਾਂ ਕਮੇਟੀ ਨੇ ਹੁਣ 2 ਨਵੰਬਰ ਨੂੰ ਸੁਣਵਾਈ ਦਾ ਫ਼ੈਸਲਾ ਕੀਤਾ ਹੈ।’ ਜ਼ਿਕਰਯੋਗ ਹੈ ਕਿ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਟੀਐਮਸੀ ਨੇਤਾ ਮੋਇਤਰਾ ਉਤੇ ਪੈਸੇ ਲੈ ਕੇ ਸਵਾਲ ਪੁੱਛਣ ਦੇ ਦੋਸ਼ ਲਾਏ ਸਨ। ਕਮੇਟੀ ਇਨ੍ਹਾਂ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਦੂਬੇ ਨੇ ਇਨ੍ਹਾਂ ਦੋਸ਼ਾਂ ਲਈ ਵਕੀਲ ਜੈ ਅਨੰਤ ਦੇਹਦ੍ਰਾਈ ਵੱਲੋਂ ਪੇਸ਼ ਕੀਤੇ ਸਬੂਤਾਂ ਦਾ ਹਵਾਲਾ ਦਿੱਤਾ ਹੈ ਤੇ ਕਿਹਾ ਹੈ ਕਿ ‘ਇਨ੍ਹਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।’ ਜੈ ਅਨੰਤ ਕਿਸੇ ਵੇਲੇ ਮੋਇਤਰਾ ਦਾ ਕਰੀਬੀ ਰਿਹਾ ਹੈ ਤੇ ਉਸ ਨੇ ਦੋਸ਼ ਲਾਇਆ ਹੈ ਕਿ ਟੀਐਮਸੀ ਆਗੂ ਨੇ ਅਡਾਨੀ ਗਰੁੱਪ ਨੂੰ ਨਿਸ਼ਾਨਾ ਬਣਾਉਣ ਲਈ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ ਤੋਂ ਪੈਸੇ ਲਏ ਸਨ। ਇਸ ਤੋਂ ਪਹਿਲਾਂ ਵੀਰਵਾਰ ਦੂਬੇ ਤੇ ਦੇਹਦ੍ਰਾਈ ਕਮੇਟੀ ਅੱਗੇ ਪੇਸ਼ ਹੋਏ ਸਨ ਤੇ ਬਿਆਨ ਦਰਜ ਕਰਾਏ ਸਨ। ਮੋਇਤਰਾ ਨੇ ਪੈਸੇ ਲੈਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ‘ਮਾਮਲੇ ਦੀ ਨਿਰਪੱਖ ਸੁਣਵਾਈ ਅਤੇ ਪੱਖ ਰੱਖਣ ਦਾ ਪੂਰਾ ਮੌਕਾ ਮੰਗਿਆ ਹੈ।’ ਹਾਲਾਂਕਿ ਮਹੂਆ ਨੇ ਇਹ ਮੰਨਿਆ ਹੈ ਕਿ ਉਸ ਨੇ ਆਪਣੇ ਸੰਸਦੀ ਪੋਰਟਲ ਦਾ ਲੌਗਇਨ ਹੀਰਾਨੰਦਾਨੀ ਨਾਲ ਸਾਂਝਾ ਕੀਤਾ ਸੀ ਕਿਉਂਕਿ ਉਹ ਦੋਵੇਂ ਇਕ-ਦੂਜੇ ਨੂੰ ਲੰਮੇ ਸਮੇਂ ਤੋਂ ਜਾਣਦੇ ਹਨ। ਟੀਐਮਸੀ ਸੰਸਦ ਮੈਂਬਰ ਨੇ ਇਹ ਵੀ ਮੰਨਿਆ ਕਿ ਹੀਰਾਨੰਦਾਨੀ ਨੇ ਉਸ (ਮੋਇਤਰਾ) ਵੱਲੋਂ ਲੌਗਇਨ ’ਤੇ ਟਾਈਪ ਵੀ ਕੀਤਾ ਸੀ। ਮੋਇਤਰਾ ਨੇ ਕਿਹਾ ਹੈ ਕਿ ਇਹ ਸਿਰਫ਼ ਸੰਸਦ ਮੈਂਬਰ ਵਜੋਂ ਉਸ ਦੀ ਮਦਦ ਲਈ ਹੀ ਸੀ। ਜਦਕਿ ਦੂਬੇ ਦਾ ਕਹਿਣਾ ਹੈ ਕਿ ਲੌਗਇਨ ਵੇਰਵੇ ਕਿਸੇ ਨਾਲ ਸਾਂਝੇ ਕਰਨਾ ਸਰਕਾਰੀ ਇਕਾਈ (ਐੱਨਆਈਸੀ) ਨਾਲ ਸਮਝੌਤੇ ਦੀ ਉਲੰਘਣਾ ਹੈ, ਤੇ ਇਹ ਸੁਰੱਖਿਆ ਜੋਖ਼ਮ ਹੈ। -ਪੀਟੀਆਈ
ਗਵਾਹ ਨੂੰ ਪ੍ਰਭਾਵਿਤ ਕਰਨ ਦੇ ਯਤਨ, ਸਪੀਕਰ ਕਾਰਵਾਈ ਕਰਨ: ਦੂਬੇ
ਨਵੀਂ ਦਿੱਲੀ: ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਦੋਸ਼ ਲਾਇਆ ਹੈ ਕਿ ‘ਸਵਾਲਾਂ ਬਦਲੇ ਨਗਦੀ’ ਵਿਵਾਦ ’ਚ ਗਵਾਹ ਨੂੰ ਪ੍ਰਭਾਵਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮਾਮਲੇ ਵਿਚ ਲੋਕ ਸਭਾ ਸਪੀਕਰ ਨੂੰ ਕਾਰਵਾਈ ਦੀ ਬੇਨਤੀ ਕੀਤੀ ਹੈ। ਦੂਬੇ ਨੇ ਐਕਸ ’ਤੇ ਪੋਸਟ ਕੀਤਾ, ‘ਪ੍ਰਾਪਤ ਸੂਚਨਾ ਮੁਤਾਬਕ ਦਰਸ਼ਨ ਹੀਰਾਨੰਦਾਨੀ ਤੇ ਦੁਬਈ ਦੀਦੀ (ਸੰਸਦ ਮੈਂਬਰ ਮਹੂਆ ਮੋਇਤਰਾ) ਸੰਪਰਕ ’ਚ ਹਨ। ਗਵਾਹ ਨੂੰ ਪ੍ਰਭਾਵਿਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ।’ -ਏਐੱਨਆਈ