ਮਹਾਰਾਸ਼ਟਰ: ਭਾਜਪਾ ਅਤੇ ਐੱਨਸੀਪੀ (ਐੱਸਪੀ) ਵਿਧਾਇਕਾਂ ਦੇ ਸਮਰਥਕ ਭਿੜੇ
ਮਹਾਰਾਸ਼ਟਰ ਵਿਧਾਨ ਸਭਾ ਕੰਪਲੈਕਸ ਵਿੱਚ ਅੱਜ ਸੱਤਾਧਾਰੀ ਧਿਰ ਭਾਜਪਾ ਅਤੇ ਵਿਰੋਧੀ ਧਿਰ ਨੈਸ਼ਨਲਿਸਟ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਵਿਧਾਇਕਾਂ ਦੇ ਸਮਰਥਕਾਂ ਵਿਚਾਲੇ ਝਗੜਾ ਹੋ ਗਿਆ। ਇਹ ਘਟਨਾ ਦੋਹਾਂ ਵਿਧਾਇਕਾਂ ਦਰਮਿਆਨ ਇੱਕ ਦਿਨ ਪਹਿਲਾਂ ਹੋਈ ਬਹਿਸ ਤੋਂ ਬਾਅਦ ਵਾਪਰੀ।
ਇੱਕ ਪ੍ਰਤੱਖਦਰਸ਼ੀ ਨੇ ਦੱਸਿਆ ਕਿ ਐੱਨਸੀਪੀ (ਸ਼ਰਦਚੰਦਰ ਪਵਾਰ) ਦੇ ਵਿਧਾਇਕ ਜਤਿੰਦਰ ਅਵਹਾੜ ਅਤੇ ਭਾਜਪਾ ਦੇ ਗੋਪੀਚੰਦ ਪਡਾਲਕਰ ਦੇ ਸਮਰਥਕਾਂ ਵਿਚਾਲੇ ਮਾਮੂਲੀ ਝੜਪ ਹੋਈ, ਜਿਸ ਨੂੰ ਦੇਖਣ ਵਾਲਿਆਂ ਨੇ ਛੇਤੀ ਹੀ ਦੋਹਾਂ ਧੜਿਆਂ ਨੂੰ ਵੱਖ ਕਰ ਦਿੱਤਾ। ਜਤ ਦੇ ਵਿਧਾਇਕ ਪਡਾਲਕਰ ਨੇ ਸੀਨੀਅਰ ਭਾਜਪਾ ਆਗੂ ਚੰਦਰਸ਼ੇਖਰ ਬਾਵਨਕੁਲੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਘਟਨਾ ਲਈ ਮੁਆਫ਼ੀ ਮੰਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਇਹ ਇੱਕ ਮੰਦਭਾਗੀ ਘਟਨਾ ਸੀ। ਵਿਧਾਨਕ ਸਦਨ ਦੇ ਮੈਂਬਰ ਵਜੋਂ ਮੈਂ ਅਫ਼ਸੋਸ ਜ਼ਾਹਿਰ ਕਰਦਾ ਹਾਂ। ਮੈਂ ਵਿਧਾਨ ਸਭਾ ਦੇ ਸਪੀਕਰ ਅਤੇ ਵਿਧਾਨ ਕੌਂਸਲ ਦੇ ਚੇਅਰਪਰਸਨ ਤੋਂ ਮੁਆਫ਼ੀ ਮੰਗਦਾ ਹਾਂ।’’ ਉੱਧਰ, ਸਾਬਕਾ ਮੰਤਰੀ ਅਵਹਾੜ ਨੇ ਵਿਧਾਨ ਸਭਾ ਕੰਪਲੈਕਸ ਅੰਦਰ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ, ਖਾਸ ਕਰ ਕੇ ਮੁੱਖ ਪ੍ਰਵੇਸ਼ ਦੁਆਰ ਦੀਆਂ ਪੌੜੀਆਂ ਅਤੇ ਅੰਦਰੂਨੀ ਪੌੜੀਆਂ ਦੇ ਨਾਲ ਲੱਗਦੀ ਲਾਬੀ ਵਿੱਚ ਹੋਏ ਝਗੜੇ ਤੋਂ ਬਾਅਦ। ਉਨ੍ਹਾਂ ਕਿਹਾ, ‘‘ਜੇਕਰ ਵਿਧਾਇਕ ਵਿਧਾਨ ਭਵਨ ਦੇ ਅੰਦਰ ਵੀ ਅਸੀਂ ਸੁਰੱਖਿਅਤ ਨਹੀਂ ਹਾਂ, ਤਾਂ ਲੋਕਾਂ ਦੇ ਨੁਮਾਇੰਦੇ ਬਣਨ ਦਾ ਕੀ ਫਾਇਦਾ? ਸਾਡਾ ਅਪਰਾਧ ਕੀ ਹੈ? ਮੈਂ ਤਾਂ ਸਿਰਫ਼ ਤਾਜ਼ੀ ਹਵਾ ਲੈਣ ਲਈ ਬਾਹਰ ਨਿਕਲਿਆ ਸੀ। ਮੈਨੂੰ ਲੱਗਦਾ ਹੈ ਕਿ ਉਹ ਮੇਰੇ ’ਤੇ ਹਮਲਾ ਕਰਨ ਆਏ ਸਨ।’’