DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਾਰਾਸ਼ਟਰ: ਸ਼ਿੰਦੇ ਨੇ ਹਸਪਤਾਲ ਵਿੱਚ ਕਰਵਾਇਆ ਚੈੱਕਅਪ

ਭਾਜਪਾ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਫੜਨਵੀਸ ਨੇ ਸ਼ਿੰਦੇ ਨਾਲ ਕੀਤੀ ਮੁਲਾਕਾਤ
  • fb
  • twitter
  • whatsapp
  • whatsapp
Advertisement

ਮੁੰਬਈ, 3 ਦਸੰਬਰ

ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸ਼ਿੰਦੇ ਅੱਜ ਸਵੇਰੇ ਨਿਯਮਤ ਜਾਂਚ ਲਈ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਗਏ। 5 ਦਸੰਬਰ ਨੂੰ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਅਤੇ ਭਲਕੇ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ। ਸ਼ਿੰਦੇ ਦੇ ਹਸਪਤਾਲ ਤੋਂ ਪਰਤਣ ਤੋਂ ਕੁਝ ਘੰਟਿਆਂ ਬਾਅਦ ਭਾਜਪਾ ਆਗੂ ਦੇਵੇਂਦਰ ਫੜਨਵੀਸ, ਸ਼ਿੰਦੇ ਦੀ ਸਰਕਾਰੀ ਰਿਹਾਇਸ਼ ‘ਵਰਸ਼ਾ’ ਪਹੁੰਚੇ। ਫੜਨਵੀਸ ਮਹਾਰਾਸ਼ਟਰ ਦੀ ਨਵੀਂ ਭਾਜਪਾ-ਸ਼ਿਵ ਸੈਨਾ-ਐੱਨਸੀਪੀ ਸਰਕਾਰ ਵਿੱਚ ਸਿਖਰਲੇ ਅਹੁਦੇ ਲਈ ਸਭ ਤੋਂ ਅੱਗੇ ਨਜ਼ਰ ਆ ਰਹੇ ਹਨ। ਪਿਛਲੇ ਹਫ਼ਤੇ ਸ਼ਿੰਦੇ ਅਤੇ ਫੜਨਵੀਸ ਐੱਨਸੀਪੀ ਮੁਖੀ ਅਜੀਤ ਪਵਾਰ ਨਾਲ ਦਿੱਲੀ ਵਿੱਚ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਮਿਲੇ ਸਨ। ਇਸ ਤੋਂ ਬਾਅਦ ਦੋਵਾਂ ਆਗੂਆਂ ਦੀ ਇਹ ਪਹਿਲੀ ਆਹਮੋ-ਸਾਹਮਣੀ ਮੁਲਾਕਾਤ ਸੀ। ਭਾਜਪਾ ਦਾ ਵਿਧਾਇਕ ਦਲ ਆਪਣੇ ਨੇਤਾ ਦੀ ਚੋਣ ਲਈ ਬੁੱਧਵਾਰ ਸਵੇਰੇ ਵਿਧਾਨ ਭਵਨ ਵਿੱਚ ਮੀਟਿੰਗ ਕਰੇਗਾ, ਜਿਸ ਕਰਕੇ ਦੋਵਾਂ ਆਗੂਆਂ ਦੀ ਇਹ ਮੀਟਿੰਗ ਅਹਿਮ ਮੰਨੀ ਜਾ ਰਹੀ ਹੈ।

Advertisement

ਪਿਛਲੇ ਕੁਝ ਦਿਨਾਂ ਤੋਂ ਠਾਣੇ ਵਿੱਚ ਆਪਣੀ ਨਿੱਜੀ ਰਿਹਾਇਸ਼ ’ਤੇ ਠਹਿਰੇ ਸ਼ਿੰਦੇ ਅੱਜ ਸਵੇਰੇ ਹਸਪਤਾਲ ਪੁੱਜੇ। ਹਸਪਤਾਲ ਤੋਂ ਆਪਣੀ ਰਿਹਾਇਸ਼ ‘ਵਰਸ਼ਾ’ ਲਈ ਰਵਾਨਾ ਹੁੰਦਿਆਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਇੱਥੇ ਜਾਂਚ ਲਈ ਆਇਆ ਸੀ। ਮੇਰੀ ਸਿਹਤ ਠੀਕ ਹੈ।’ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਸ਼ਿੰਦੇ ਗਲੇ ਦੀ ਸਮੱਸਿਆ ਤੋਂ ਪੀੜਤ ਸਨ। ਡਾਕਟਰ ਨੇ ਕਿਹਾ, ‘ਮੁੱਖ ਮੰਤਰੀ ਨੂੰ ਬੁਖਾਰ ਅਤੇ ਇਨਫੈਕਸ਼ਨ ਸੀ ਜਿਸ ਕਾਰਨ ਉਹ ਕਮਜ਼ੋਰ ਹੋ ਗਏ ਹਨ। ਸਾਵਧਾਨੀ ਵਜੋਂ ਉਨ੍ਹਾਂ ਦਾ ਐੱਮਆਰਆਈ ਸਕੈਨ ਵੀ ਕਰਵਾਇਆ ਗਿਆ।’ ਜ਼ਿਕਰਯੋਗ ਹੈ ਕਿ ਸ਼ਿੰਦੇ ਦੀ ਪਾਰਟੀ ਭਾਜਪਾ ਦੀ ਅਗਵਾਈ ਵਾਲੇ ਮਹਾਗਠਜੋੜ ਦਾ ਹਿੱਸਾ ਹੈ। ਸ਼ਿੰਦੇ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ ਅਤੇ ਇੱਥੇ ਆਪਣੀ ਨਿੱਜੀ ਰਿਹਾਇਸ਼ ’ਤੇ ਰਹਿ ਰਹੇ ਹਨ। -ਪੀਟੀਆਈ

ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ

ਭਾਵੇਂ ਹਾਲੇ ਇਹ ਪਤਾ ਨਹੀਂ ਹੈ ਕਿ 5 ਦਸੰਬਰ ਦੀ ਸ਼ਾਮ ਨੂੰ ਆਜ਼ਾਦ ਮੈਦਾਨ ’ਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਕੌਣ ਚੁੱਕੇਗਾ ਪਰ ਇਸ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲਗਪਗ ਦੋ ਹਜ਼ਾਰ ਵੀਵੀਆਈਪੀਜ਼ ਤੋਂ ਇਲਾਵਾ ਲਗਪਗ 40,000 ਸਮਰਥਕ ਇਸ ਸਮਾਗਮ ਵਿੱਚ ਸ਼ਾਮਲ ਹੋ ਰਹੇ ਹਨ। ਵੀਵੀਆਈਪੀਜ਼ ਵਿੱਚ 9-10 ਕੇਂਦਰੀ ਮੰਤਰੀ, 19 ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀਆਂ ਸਮੇਤ ਹੋਰ ਆਗੂ ਸ਼ਾਮਲ ਹਨ।

Advertisement
×