ਨਾਸਿਕ, 13 ਅਕਤੂਬਰਮਹਾਰਾਸ਼ਟਰ ਦੇ ਮੰਤਰੀ ਛਗਨ ਭੁਜਬਲ ਨੂੰ ਅੱਜ ਵੱਟਸਐਪ ਮੈਸਜ ਰਾਹੀਂ ਜਾਨੋਂ ਮਾਰਨ ਦੀ ਕਥਿਤ ਧਮਕੀ ਮਿਲੀ ਹੈ। ਇਹ ਜਾਣਕਾਰੀ ਅੱਜ ਇੱਕ ਪੁਲੀਸ ਅਧਿਕਾਰੀ ਨੇ ਦਿੱਤੀ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਰਾਠੀ ਭਾਸ਼ਾ ’ਚ ਭੇਜੇ ਮੈਸਜ ਵਿੱਚ ਭੁਜਬਲ ਨੂੰ ‘‘ਸਲੀਕੇ ਨਾਲ ਵਿਹਾਰ ਕਰਨ’’ ਜਾਂ ‘‘ਹਿਸਾਬ ਬਰਾਬਰ ਕਰਨ’’ ਦੀ ਚਿਤਾਵਨੀ ਦਿੱਤੀ ਗਈ ਹੈ। ਧਮਕੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ‘‘ਉਹ ਬਹੁਤੇ ਦਿਨਾਂ ਤੱਕ ਜਿਊਂਦੇ ਨਹੀਂ ਰਹਿਣਗੇ।’’ ਰਾਸ਼ਟਰਵਾਦੀ ਯੂਥ ਕਾਂਗਰਸ ਦੇ ਆਗੂ ਅੰਬਾਦਾਸ ਖੈਰੇ ਨੇ ਇਸ ਸਬੰਧੀ ਅੰਬੜ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਮੈਸਜ ਪਰਭਾਨੀ ਤੋਂ ਭੇਜਿਆ ਗਿਆ ਹੈ। -ਪੀਟੀਆਈ