ਮਹਾਰਾਸ਼ਟਰ: ਸਰਕਾਰ ਨੇ ਮੰਗਾਂ ਮੰਨੀਆਂ, ਜਰਾਂਗੇ ਦੀ ਭੁੱਖ ਹੜਤਾਲ ਖ਼ਤਮ
ਮਹਾਰਾਸ਼ਟਰ ਸਰਕਾਰ ਵੱਲੋਂ ਜ਼ਿਆਦਾਤਰ ਮੰਗਾਂ ਮੰਨੀਆਂ ਜਾਣ ਤੋਂ ਬਾਅਦ ਮਰਾਠਾ ਰਾਖਵਾਂਕਰਨ ਅੰਦੋਲਨ ਦੇ ਕਾਰਕੁਨ ਮਨੋਜ ਜਰਾਂਗੇ ਨੇ ਅੱਜ ਪੰਜ ਦਿਨਾਂ ਤੋਂ ਚੱਲ ਰਹੀ ਭੁੱਖ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਵੱਲੋਂ ਮੰਨੀਆਂ ਗਈਆਂ ਮੰਗਾਂ ਵਿੱਚ ਯੋਗ ਮਰਾਠਿਆਂ ਨੂੰ ਕੁਨਬੀ ਜਾਤੀ ਸਰਟੀਫਿਕੇਟ ਦੇਣਾ ਸ਼ਾਮਲ ਹੈ, ਜਿਸ ਨਾਲ ਉਹ ਓ ਬੀ ਸੀ ਨੂੰ ਮਿਲਣ ਵਾਲੇ ਰਾਖਵੇਂਕਰਨ ਦੇ ਲਾਭ ਲੈਣ ਦੇ ਯੋਗ ਹੋ ਜਾਣਗੇ। ਜਰਾਂਗੇ 29 ਅਗਸਤ ਤੋਂ ਦੱਖਣੀ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਭੁੱਖ ਹੜਤਾਲ ’ਤੇ ਬੈਠੇ ਹੋਏ ਸਨ। ਅੱਜ ਭਾਜਪਾ ਦੇ ਸੀਨੀਅਰ ਮੰਤਰੀ ਅਤੇ ਮਰਾਠਾ ਰਾਖਵਾਂਕਰਨ ਬਾਰੇ ਕੈਬਨਿਟ ਉਪ-ਕਮੇਟੀ ਦੇ ਪ੍ਰਧਾਨ ਰਾਧਾਕ੍ਰਿਸ਼ਨ ਵਿਖੇ ਪਾਟਿਲ ਦੇ ਹੱਥੋਂ ਜੂਸ ਪੀ ਕੇ ਉਨ੍ਹਾਂ ਭੁੱਖ ਹੜਤਾਲ ਖ਼ਤਮ ਕੀਤੀ। ਸਮਾਜਿਕ ਨਿਆਂ ਅਤੇ ਵਿਸ਼ੇਸ਼ ਸਹਾਇਤਾ ਵਿਭਾਗ ਨੇ ਮੰਗਾਂ ਮੰਨੀਆਂ ਜਾਣ ਸਬੰਧੀ ਸਰਕਾਰੀ ਮਤਾ (ਜੀ ਆਰ) ਜਾਰੀ ਕਰ ਦਿੱਤਾ ਹੈ।
ਭੁੱਖ ਹੜਤਾਲ ਖ਼ਤਮ ਕਰਨ ਮਗਰੋਂ ਜਰਾਂਗੇ (43) ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਉਨ੍ਹਾਂ ਦੇ ਸਮਰਥਕ ਜ਼ੋਰਦਾਰ ਨਾਅਰੇ ਲਾ ਰਹੇ ਸਨ। ਬਾਅਦ ਵਿੱਚ ਉਹ ਮੈਡੀਕਲ ਚੈੱਕਅਪ ਲਈ ਐਂਬੂਲੈਂਸ ਵਿੱਚ ਆਜ਼ਾਦ ਮੈਦਾਨ ਤੋਂ ਰਵਾਨਾ ਹੋ ਗਏ। ਇਸ ਦੌਰਾਨ ਜਰਾਂਗੇ ਨੇ ਕਿਹਾ ਕਿ ਜੇ ਹੈਦਰਾਬਾਦ ਗਜ਼ਟ ਦੇ ਲਾਗੂ ਹੋਣ ਅਤੇ ਪ੍ਰਦਰਸ਼ਨਾਂ ਦੌਰਾਨ ਜਾਨ ਗੁਆਉਣ ਵਾਲੇ ਮਰਾਠਾ ਪਰਿਵਾਰਾਂ ਨੂੰ ਨੌਕਰੀਆਂ ਦੇਣ ਵਰਗੇ ਵਾਅਦਿਆਂ ਤੋਂ ਸਰਕਾਰ ਮੁਕਰਦੀ ਹੈ ਤਾਂ ਉਹ ਚੁੱਪ ਨਹੀਂ ਬੈਠਣਗੇ। ਜਰਾਂਗੇ ਨੇ ਕਿਹਾ, ‘ਜੇ ਵਾਅਦੇ ਨਾ ਪੂਰੇ ਹੋਏ ਤਾਂ ਮੈਂ ਪਾਟਿਲ ਦੇ ਘਰ ਆਵਾਂਗਾ ਅਤੇ ਮਰਦੇ ਦਮ ਤੱਕ ਉੱਥੇ ਹੀ ਬੈਠਾਂਗਾ।’
ਸਰਕਾਰ ਨੇ ਮਰਾਠਾ ਭਾਈਚਾਰੇ ਦੇ ਹਿੱਤ ਵਿੱਚ ਹੱਲ ਲੱਭਿਆ: ਫੜਨਵੀਸ
ਨਾਗਪੁਰ: ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮਰਾਠਾ ਰਾਖਵਾਂਕਰਨ ਦੀ ਮੰਗ ਕਰਦਿਆਂ ਪੰਜ ਦਿਨਾਂ ਦੀ ਭੁੱਖ ਹੜਤਾਲ ਖਤਮ ਕਰਨ ਲਈ ਕਾਰਕੁਨ ਮਨੋਜ ਜਰਾਂਗੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੇ ਮਰਾਠਾ ਭਾਈਚਾਰੇ ਦੇ ਹਿੱਤ ਵਿੱਚ ਹੱਲ ਲੱਭ ਲਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੜਨਵੀਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਹਮੇਸ਼ਾ ਮਰਾਠਾ ਭਾਈਚਾਰੇ ਦੀ ਭਲਾਈ ’ਤੇ ਧਿਆਨ ਕੇਂਦਰਿਤ ਕਰਦੀ ਰਹੀ ਹੈ। -ਪੀਟੀਆਈ