ਮਹਾਰਾਸ਼ਟਰ: ਗਣੇਸ਼ ਵਿਸਰਜਨ ਦੌਰਾਨ ਚਾਰ ਵਿਅਕਤੀ ਡੁੱਬੇ, 13 ਲਾਪਤਾ
ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗਣੇਸ਼ ਉਤਸਵ ਦੀ ਸਮਾਪਤੀ ਤੋਂ ਬਾਅਦ ਮੂਰਤੀਆਂ ਦੇ ਵਿਸਰਜਨ ਦੌਰਾਨ ਘੱਟੋ-ਘੱਟ ਚਾਰ ਵਿਅਕਤੀ ਡੁੱਬ ਗਏ ਅਤੇ 13 ਹੋਰ ਲਾਪਤਾ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਦੇ ਵੱਖ ਵੱਖ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਨਦੀਆਂ, ਝੀਲਾਂ ਅਤੇ ਹੋਰ ਜਲ ਭੰਡਾਰ ਪੂਰੇ ਭਰੇ ਹੋਏ ਹਨ, ਜਿਸ ਕਾਰਨ ਐੱਸ ਡੀ ਆਰ ਐੱਫ ਅਤੇ ਐੱਨ ਡੀ ਆਰ ਐੱਫ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਸ ਸਬੰਧੀ ਇਕ ਅਧਿਕਾਰੀ ਨੇ ਦੱਸਿਆ ਕਿ ਪੁਣੇ ਜ਼ਿਲ੍ਹੇ ਦੇ ਚਾਕਨ ਖੇਤਰ ਵਿੱਚ ਤਿੰਨ ਵੱਖ-ਵੱਖ ਘਟਨਾਵਾਂ ਵਿੱਚ ਚਾਰ ਵਿਅਕਤੀ ਵੱਖ-ਵੱਖ ਥਾਵਾਂ ’ਤੇ ਪਾਣੀ ’ਚ ਰੁੜ੍ਹ ਗਏ। ਉਨ੍ਹਾਂ ਕਿਹਾ ਕਿ ਦੋ ਵਿਅਕਤੀ ਵਾਕੀ ਖੁਰਦ ਵਿੱਚ ਭਾਮਾ ਨਦੀ ’ਚ ਅਤੇ ਇਕ ਵਿਅਕਤੀ ਸ਼ੈਲ ਪਿੰਪਲਗਾਓਂ ਵਿੱਚ ਰੁੜ੍ਹ ਗਿਆ ਜਦਕਿ ਇਕ ਹੋਰ ਵਿਅਕਤੀ ਪੁਣੇ ਦਿਹਾਤੀ ਦੇ ਬਿਰਵਾੜੀ ਵਿੱਚ ਇਕ ਖੂਹ ’ਚ ਡਿੱਗ ਗਿਆ। ਅਧਿਕਾਰੀ ਨੇ ਦੱਸਿਆ ਕਿ ਚਾਰ ਵਿਅਕਤੀਆਂ ’ਚੋਂ ਦੋ ਦੀਆਂ ਲਾਸ਼ਾਂ ਹੁਣ ਤੱਕ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਦੋ ਹੋਰਾਂ ਦੀ ਭਾਲ ਜਾਰੀ ਹੈ।
ਨਾਂਦੇੜ ਜ਼ਿਲ੍ਹੇ ਦੇ ਗਡੇਗਾਓਂ ਵਿੱਚ ਇਕ ਨਦੀ ਵਿੱਚ ਤਿੰਨ ਵਿਅਕਤੀ ਰੁੜ੍ਹ ਗਏ। ਪੁਲੀਸ ਨੇ ਦੱਸਿਆ ਕਿ ਬਾਅਦ ਵਿੱਚ ਇਕ ਵਿਅਕਤੀ ਨੂੰ ਬਚਾਅ ਲਿਆ ਗਿਆ ਅਤੇ ਦੋ ਹੋਰਾਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਨਾਸਿਕ ਵਿੱਚ ਚਾਰ ਵਿਅਕਤੀ ਇਸੇ ਤਰ੍ਹਾਂ ਦੀ ਤ੍ਰਾਸਦੀ ਦਾ ਸ਼ਿਕਾਰ ਹੋਏ ਅਤੇ ਉਨ੍ਹਾਂ ’ਚੋਂ ਇਕ ਦੀ ਲਾਸ਼ ਸਿਨਾਰ ਵਿੱਚ ਬਰਾਮਦ ਹੋਈ। ਪੁਲੀਸ ਨੇ ਕਿਹਾ ਕਿ ਜਲਗਾਓਂ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਤਿੰਨ ਲੋਕ ਰੁੜ੍ਹ ਗਏ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਪੁਲੀਸ ਮੁਤਾਬਕ ਠਾਣੇ ਜ਼ਿਲ੍ਹੇ ਵਿੱਚ ਮੂਰਤੀ ਵਿਸਰਜਨ ਦੌਰਾਨ ਤਿੰਨ ਵਿਅਕਤੀ ਰੁੜ੍ਹ ਗਏ ਅਤੇ ਹੁਣ ਤੱਕ ਇਕ ਲਾਸ਼ ਬਰਾਮਦ ਕੀਤੀ ਗਈ ਹੈ।