ਮਹਾਰਾਸ਼ਟਰ ਚੋਣ ਅੰਕੜੇ: ਸੀਐੱਸਡੀਐੱਸ ਨੂੰ ਨੋਟਿਸ ਭੇਜੇਗੀ ਆਈਸੀਐੱਸਐੱਸਆਰ
ਭਾਰਤੀ ਸਮਾਜਿਕ ਵਿਗਿਆਨ ਖੋਜ ਕੌਂਸਲ (ਆਈਸੀਐੱਸਐੱਸਆਰ) ‘ਹੇਰਾਫੇਰੀ’ ਵਾਲੇ ਚੋਣ ਅੰਕੜੇ ਜਾਰੀ ਕਰਕੇ ਗਰਾਂਟ-ਇਨ-ਏਡ ਨੇਮਾਂ ਦੀ ਉਲੰਘਣ ਲਈ ਸੈਂਟਰ ਫਾਰ ਦਿ ਸਟੱਡੀ ਆਫ ਡਿਵੈੱਲਪਿੰਗ ਸੁਸਾਇਟੀਜ਼ (ਸੀਐੱਸਡੀਐੱਸ) ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰੇਗੀ। ਕੌਂਸਲ ਨੇ ਕਿਹਾ ਕਿ ਉਸ ਨੇ ਸੀਐੱਸਡੀਐੱਸ ਵੱਲੋਂ ਅੰਕੜਿਆਂ ਦੀ ਕਥਿਤ ਹੇਰਾਫੇਰੀ ਅਤੇ ਚੋਣ ਕਮਿਸ਼ਨ ਦੀ ‘ਮਰਿਆਦਾ ਨੂੰ ਢਾਹ ਲਾਉਣ ਲਈ ਬਿਰਤਾਂਤ ਸਿਰਜਣ’ ਦੀ ਕੋਸ਼ਿਸ਼ ਦਾ ਨੋਟਿਸ ਲਿਆ ਹੈ। ਆਈਸੀਐੱਸਐੱਸਆਰ ਦਾ ਇਹ ਫ਼ੈਸਲਾ ਸੀਐੱਸਡੀਐੱਸ ਦੀਆਂ ਹਾਲੀਆ ਪੋਸਟਾਂ, ਜਿਨ੍ਹਾਂ ਕਾਰਨ ਵਿਵਾਦ ਭਖ ਗਿਆ ਸੀ, ਮਗਰੋਂ ਆਇਆ ਹੈ।
ਦੱਸਣਯੋਗ ਹੈ ਕਿ ਚੋਣ ਵਿਸ਼ਲੇਸ਼ਕ ਤੇ ਸੀਐੱਸਡੀਐੱਸ ਦੇ ਪ੍ਰੋਫੈਸਰ ਸੰਜੈ ਕੁਮਾਰ ਨੇ ਲੰਘੇ ਐਤਵਾਰ ਨੂੰ ਐਕਸ ’ਤੇ ਪੋਸਟ ’ਚ ਪਿਛਲੇ ਸਾਲ ਹੋਈਆਂ ਮਹਾਰਾਸ਼ਟਰ ਚੋਣਾਂ ਨਾਲ ਸਬੰਧਤ ਦੋ ਅਸੈਂਬਲੀ ਸੀਟਾਂ ਦੇ ਵੋਟਰ ਅੰਕੜੇ ਸਾਂਝੇ ਕੀਤੇ ਸਨ। ਹਾਲਾਂਕਿ ਉਨ੍ਹਾਂ ਨੇ ਮੰਗਲਵਾਰ ਨੂੰ ਇਹ ਅੰਕੜੇ ਹਟਾ ਦਿੱਤੇ ਸਨ ਅਤੇ ਇੱਕ ਹੋਰ ਪੋਸਟ ’ਚ ਉਨ੍ਹਾਂ ਨੇ ਗਲਤ ਅੰਕੜੇ ਪੋਸਟ ਕਰਨ ਲਈ ਮੁਆਫ਼ੀ ਮੰਗੀ ਸੀ। ਪੋਸਟ ’ਚ ਦਾਅਵਾ ਕੀਤਾ ਗਿਆ ਸੀ ਸੂਬਾ ਵਿਧਾਨ ਸਭਾ ਚੋਣਾਂ ’ਚ ਦੋ ਸੀਟਾਂ ’ਤੇ ਵੋਟਰਾਂ ਦੀ ਗਿਣਤੀ ’ਚ 2024 ਦੀਆਂ ਆਮ ਚੋਣਾਂ ਦੇ ਮੁਕਾਬਲੇ ਜ਼ਿਕਰਯੋਗ ਕਮੀ ਆਈ ਹੈ। ਦੋਵੇਂ ਚੋਣਾਂ ਲਗਪਗ ਛੇ ਮਹੀਨਿਆਂ ਦੇ ਵਕਫ਼ੇ ’ਤੇ ਹੋਈਆਂ ਸਨ। ਇਸ ਮਾਮਲੇ ’ਤੇ ਭਾਜਪਾ ਤੇ ਕਾਂਗਰਸ ਵਿਚਾਲੇ ਜ਼ੁਬਾਨੀ ਜੰਗ ਵੀ ਛਿੜ ਗਈ ਸੀ। ਆਈਸੀਐੱਸਐੱਸਆਰ ਸਮਾਜਿਕ ਵਿਗਿਆਨ ਤੇ ਮਨੁੱਖੀ ਵਿਗਿਆਨ ’ਚ ਖੋਜ ਲਈ ਸਰਕਾਰ ਦੀ ਸਿਖਰਲੀ ਸੰਸਥਾ ਹੈ।