ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਫੜਨਵੀਸ ਦੀ ਨੇਮ-ਪਲੇਟ ਤੋੜੀ
ਸੂਬਾ ਸਰਕਾਰ ਦੇ ਹੈਡਕੁਆਰਟਰ ‘ਮੰਤਰਾਲਾ’ ਭਵਨ ਵਿਚ ‘ਮਾਨਸਿਕ ਤੌਰ ’ਤੇ ਪ੍ਰੇਸ਼ਾਨ’ ਔਰਤ ਨੇ ਦਿੱਤਾ ਘਟਨਾ ਨੂੰ ਅੰਜਾਮ
ਮੁੰਬਈ, 27 ਸਤੰਬਰ
Devendra Fadnavis name plate vandalised: ਇਕ ਔਰਤ ਨੇ ਇਥੇ ਦੱਖਣੀ ਮੁੰਬਈ ਸਥਿਤ ਮਹਾਰਾਸ਼ਟਰ ਦੇ ‘ਮੰਤਰਾਲਾ’ ਭਵਨ (ਸਕੱਤਰੇਤ) ਵਿਖੇ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਦਫ਼ਤਰ ਦੇ ਬਾਹਰ ਲਾਈ ਹੋਈ ਉਨ੍ਹਾਂ ਦੇ ਨਾਂ ਵਾਲੀ ਤਖ਼ਤੀ ਨੂੰ ਤੋੜ ਦਿੱਤਾ।
ਵੀਰਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਨੇ ਸੂਬਾ ਸਰਕਾਰ ਦੇ ਹੈੱਡਕੁਆਰਟਰ ਦੀ ਸੁਰੱਖਿਆ ਸਬੰਧੀ ਸਵਾਲ ਖੜ੍ਹੇ ਕਰ ਦਿੱਤੇ ਹਨ। ਫੜਨਵੀਸ ਜੋ ਪਹਿਲਾਂ ਸੂਬੇ ਦੇ ਮੁੱਖ ਮੰਤਰੀ ਵੀ ਰਹਿ ਚੁੱਕੇ ਹਨ, ਕੋਲ ਏਕਨਾਥ ਸ਼ਿੰਦੇ ਸਰਕਾਰ ਵਿਚ ਉਪ ਮੁੱਖ ਮੰਤਰੀ ਵਜੋਂ ਗ੍ਰਹਿ ਮੰਤਰਾਲੇ ਦਾ ਚਾਰਜ ਵੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵੇਲੇ ਫੜਨਵੀਸ ‘ਮੰਤਰਾਲੇ’ ਦੀ ਛੇਵੀਂ ਮੰਜ਼ਲ ਉਤੇ ਸਥਿਤ ਆਪਣੇ ਦਫ਼ਤਰ ਵਿਚ ਮੌਜੂਦ ਨਹੀਂ ਸਨ।
ਪੁਲੀਸ ਡਿਪਟੀ ਕਮਿਸ਼ਨਰ ਪ੍ਰਵੀਨ ਮੁੰਡੇ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕੇਂਦਰੀ ਮੁੰਬਈ ਦੀ ਰਹਿਣ ਵਾਲੇ ਇਹ ਔਰਤ ‘ਮਾਨਸਿਕ ਤੌਰ ’ਤੇ ਪ੍ਰੇਸ਼ਾਨ’ ਜਾਪਦੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪੁਲੀਸ ਦੀ ਇਕ ਟੀਮ ਨੇ ਸ਼ੁੱਕਰਵਾਰ ਨੂੰ ਉਸ ਦੇ ਘਰ ਜਾ ਕੇ ਉਸ ਨੂੰ ਅਜਿਹਾ ਨਾ ਕਰਨ ਲਈ ਸਮਝਾਇਆ ਤੇ ਕੌਂਸਲਿੰਗ ਕੀਤੀ।
ਇਹ ਘਟਨਾ ਵੀਰਵਾਰ ਨੂੰ ਸ਼ਾਮ 6.30 ਵਜੇ ਵਾਪਰੀ। ਔਰਤ ਨੇ ਨੇਮ-ਪਲੇਟ ਤੋੜ ਕੇ ਜ਼ਮੀਨ ਉਤੇ ਵਗਾਹ ਮਾਰੀ ਅਤੇ ਫਿਰ ਉਥੋਂ ਚਲੇ ਗਈ। ਅਧਿਕਾਰੀਆਂ ਨੇ ਕਿਹਾ ਕਿ ਉਸ ਨੇ ਫੜਨਵੀਸ ਦੇ ਦਫ਼ਤਰ ਦੇ ਬਾਹਰਵਾਰ ਲਾਏ ਹੋਏ ਫੁੱਲਾਂ ਦੇ ਗਮਲਿਆਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ। -ਪੀਟੀਆਈ