ਮਹਾਰਾਸ਼ਟਰ: ਛੇਵੀਂ ਜਮਾਤ ਦੀ ਵਿਦਿਆਰਥਣ ਦੀ ਮੌਤ, ਸਕੂਲ ’ਚ 100 ਉੱਠਕ-ਬੈਠਕਾਂ ਦੀ ਮਿਲੀ ਸੀ ਸਜ਼ਾ !
ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ: ਪੁਲੀਸ
ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਛੇਵੀਂ ਜਮਾਤ ਦੀ ਇੱਕ ਵਿਦਿਆਰਥਣ ਦੀ ਕਥਿਤ ਤੌਰ ’ਤੇ ਦੇਰੀ ਨਾਲ ਆਉਣ ਦੀ ਸਜ਼ਾ ਵਜੋਂ 100 ਉੱਠਕ-ਬੈਠਕਾਂ (ਸਿਟ-ਅੱਪਸ) ਕਰਵਾਉਣ ਦੇ ਕਰੀਬ ਇੱਕ ਹਫ਼ਤੇ ਬਾਅਦ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਸਈ ਖੇਤਰ ਦੇ ਸਤੀਵਾਲੀ ਵਿੱਚ ਸਥਿਤ ਸਕੂਲ ਦੀ ਵਿਦਿਆਰਥਣ ਅੰਸ਼ਿਕਾ ਦੀ ਸ਼ੁੱਕਰਵਾਰ ਰਾਤ ਨੂੰ ਮੁੰਬਈ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ।ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਮੈਂਬਰਾਂ ਅਨੁਸਾਰ, ਅੰਸ਼ਿਕਾ ਅਤੇ ਚਾਰ ਹੋਰ ਵਿਦਿਆਰਥੀਆਂ ਨੂੰ 8 ਨਵੰਬਰ ਨੂੰ ਸਕੂਲ ਦੇਰੀ ਨਾਲ ਪਹੁੰਚਣ ਕਾਰਨ ਹਰੇਕ ਨੂੰ 100 ਉੱਠਕ-ਬੈਠਕਾਂ ਕਰਨ ਦੀ ਸਜ਼ਾ ਦਿੱਤੀ ਗਈ ਸੀ। ਵਸਈ ਤੋਂ MNS ਦੇ ਆਗੂ ਸਚਿਨ ਮੋਰੇ ਨੇ ਦਾਅਵਾ ਕੀਤਾ ਕਿ ਸਿਹਤ ਸਮੱਸਿਆਵਾਂ ਹੋਣ ਦੇ ਬਾਵਜੂਦ ਉਸ ਨੂੰ ਸਜ਼ਾ ਦਿੱਤੀ ਗਈ।
ਸਕੂਲ ਦੇ ਇੱਕ ਅਧਿਆਪਕ ਨੇ ਕਿਹਾ, “ਇਹ ਪਤਾ ਨਹੀਂ ਹੈ ਕਿ ਇਸ ਬੱਚੀ ਨੇ ਕਿੰਨੀਆਂ ਉੱਠਕ-ਬੈਠਕਾਂ ਕੀਤੀਆਂ ਸਨ। ਇਹ ਵੀ ਪੱਕਾ ਨਹੀਂ ਹੈ ਕਿ ਉਸਦੀ ਮੌਤ ਇਸ ਕਾਰਨ ਹੋਈ ਜਾਂ ਕਿਸੇ ਹੋਰ ਕਾਰਨ।”
ਬਲਾਕ ਸਿੱਖਿਆ ਅਧਿਕਾਰੀ ਪਾਂਡੂਰੰਗ ਗਲਾਂਗੇ ਨੇ ਕਿਹਾ ਕਿ ਅੰਸ਼ਿਕਾ ਦੀ ਮੌਤ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਜਾਂਚ ਨਾਲ ਉਸਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।”
ਉੱਧਰ ਸੂਤਰਾਂ ਮੁਤਾਬਿਕ ਪੁਲੀਸ ਵੱਲੋਂ ਇਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

