ਮਹਾਰਾਸ਼ਟਰ: ਮੁੱਖ ਮੰਤਰੀ ਫੜਨਵੀਸ ਵੱਲੋਂ ਕੈਬਨਿਟ ਦਾ ਵਿਸਤਾਰ
ਮੁੰਬਈ, 20 ਮਈ
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਆਪਣੀ ਕੈਬਨਿਟ ਦਾ ਵਿਸਤਾਰ ਕੀਤਾ ਹੈ, ਜਿਸ ਵਿੱਚ ਐੱਨਸੀਪੀ ਆਗੂ ਛਗਨ ਭੁਜਬਲ ਨੂੰ ਮੰਤਰੀ ਵਜੋਂ ਸ਼ਾਮਲ ਕੀਤਾ ਗਿਆ। ਭੁਜਬਲ ਦੇ ਕੈਬਨਿਟ ’ਚ ਸ਼ਾਮਲ ਹੋਣ ਨਾਲ ਸੂਬਾ ਸਰਕਾਰ ’ਚ ਹੁਣ ਕੁੱਲ 39 ਮੰਤਰੀ ਹੋ ਗਏ ਹਨ। ਇਨ੍ਹਾਂ ਵਿਚੋਂ ਭਾਜਪਾ ਤੋਂ 19 ਮੰਤਰੀ, ਸ਼ਿਵ ਸੈਨਾ ਤੋਂ 11 ਤੇ ਐੱਨਸੀਪੀ ਤੋਂ 9 ਮੰਤਰੀ ਹਨ।
ਛਗਨ ਭੁਜਬਲ (77) ਨੂੰ ਅੱਜ ਇੱਥੇ ਰਾਜ ਭਵਨ ਵਿੱਚ ਮਹਾਰਾਸ਼ਟਰ ਦੇ ਗਵਰਨਰ ਸੀ.ਪੀ. ਰਾਧਾਕ੍ਰਿਸ਼ਨਨ ਨੇ ਉਪ ਮੁੱਖ ਮੰਤਰੀਆਂ ਅਜੀਤ ਪਵਾਰ ਤੇ ਏਕਨਾਥ ਸ਼ਿੰਦੇ ਸਣੇ ਹੋਰ ਸੀਨੀਅਰ ਆਗੂਆਂ ਦੀ ਮੌਜੂਦਗੀ ’ਚ ਅਹੁਦੇ ਦਾ ਹਲਫ਼ ਦਿਵਾਇਆ। ਇਸ ਮੌਕੇ ਭੁਜਬਲ ਨੇ ਕਿਹਾ, ‘‘ਅੰਤ ਭਲਾ ਤਾਂ ਸਭ ਭਲਾ।’’ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਵਿਭਾਗ ਦੀ ਇੱਛਾ ਨਹੀਂ ਹੈ। ਛਗਨ ਭੁਜਬਲ ਜਿਨ੍ਹਾਂ ਦਾ ਕਈ ਦਹਾਕਿਆਂ ਦਾ ਸਿਆਸੀ ਕਰੀਅਰ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ, ਨੂੰ ਮੁੱਖ ਮੰਤਰੀ ਫੜਨਵੀਸ ਵੱਲੋਂ ਪਿਛਲੇ ਸਾਲ ਦਸੰਬਰ ਮਹੀਨੇ ਪਹਿਲੀ ਵਾਰ ਕੈਬਨਿਟ ਦੇ ਵਿਸਤਾਰ ਸਮੇਂ ਮੰਤਰੀ ਮੰਡਲ ’ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਸੂਬੇ ’ਚ ਓਬੀਸੀ ਵਰਗ ਦੇ ਅਹਿਮ ਚਿਹਰੇ ਵਜੋਂ ਜਾਣੇ ਜਾਂਦੇ ਆਗੂ ਨੇ ਉਦੋਂ ਉਨ੍ਹਾਂ ਨੂੰ ਕੈਬਨਿਟ ਬਾਹਰ ਰੱਖ ਜਾਣ ’ਤੇ ਨਾਰਾਜ਼ਗੀ ਜਤਾਈ ਸੀ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਆਗੂ ਧਨੰਜਯ ਮੁੰਡੇ ਦੇ ਅਸਤੀਫ਼ੇ ਮਗਰੋਂ ਛਗਨ ਭੁਜਬਲ ਨੂੰ ਕੈਬਨਿਟ ’ਚ ਸ਼ਾਮਲ ਕੀਤਾ ਗਿਆ ਹੈ। ਧਨੰਜਯ ਮੁੰਡੇ ਨੇ ਸਰਪੰਚ ਸੰਤੋਸ਼ ਦੇਸ਼ਮੁੱਖ ਕਤਲ ਕਾਂਡ ’ਚ ਆਪਣੇ ਕਰੀਬੀ ਸਾਥੀ ਵਾਲਮੀਕਿ ਕਰਾੜ ਦੀ ਗ੍ਰਿਫ਼ਤਾਰੀ ਮਗਰੋਂ ਲੰਘੇ ਮਾਰਚ ਮਹੀਨੇ ਖੁਰਾਕ ਸਪਲਾਈ ਤੇ ਪਖਤਕਾਰ ਸੁਰੱਖਿਆ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। -ਪੀਟੀਆਈ