ਮੁੰਬਈ, 13 ਜੁਲਾਈ
ਮਹਾਰਾਸ਼ਟਰ ਵਿੱਚ ਸੱਤਾਧਾਰੀ ਸ਼ਿਵ ਸੈਨਾ ਨੇ ਅੱਜ ਕਿਹਾ ਕਿ ਸੂਬਾਈ ਮੰਤਰੀ ਮੰਡਲ ਦੇ ਵਿਸਥਾਰ ਤੇ ਵਿਭਾਗਾਂ ਦੀ ਵੰਡ 14 ਜੁਲਾਈ ਨੂੰ ਹੋਣ ਦੀ ਸੰਭਾਵਨਾ ਹੈ ਪਰ ਪਾਰਟੀ ਦੇ ਵਿਰੋਧੀ ਧੜੇ ਸ਼ਿਵ ਸੈਨਾ (ਯੂਬੀਟੀ) ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਵਗਾਈ ਵਾਲੇ ਗਰੁੱਪ ਦੇ ਵਿਧਾਇਕਾਂ ਨੂੰ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਸ਼ੱਕ ਪ੍ਰਗਟਾਇਆ ਹੈ। ਜ਼ਿਕਰਯੋਗ ਹੈ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਅਜੀਤ ਪਵਾਰ ਤੇ ਉਨ੍ਹਾਂ ਦੀ ਪਾਰਟੀ ਦੇ ਅੱਠ ਵਿਧਾਇਕਾਂ ਨੇ 2 ਜੁਲਾਈ ਨੂੰ ਮਹਾਰਾਸ਼ਟਰ ਸਰਕਾਰ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ ਸੀ।
ਸੱਤਾਧਾਰੀ ਸ਼ਿਵ ਸੈਨਾ ਦੇ ਬੁਲਾਰੇ ਸੰਜੈ ਸ਼ਿਰਸਾਟ ਨੇ ਅੱਜ ਕਿਹਾ ਕਿ ਮੰਤਰੀ ਮੰਡਲ ਦੇ ਵਿਸਥਾਰ ਤੇ ਵਿਭਾਗਾਂ ਦੀ ਵੰਡ ਸ਼ੁੱਕਰਵਾਰ ਨੂੰ 99 ਫੀਸਦੀ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ ਪਾਰਟੀ ਵਿੱਚ ਉਨ੍ਹਾਂ ਦੇ ਸਾਥੀ ਤੇ ਮੰਤਰੀ ਉਦੈ ਸਾਮੰਤ ਨੇ ਕਿਹਾ ਕਿ ਵਿਸਥਾਰ ‘ਉਚਿਤ ਸਮੇਂ’ ’ਤੇ ਕੀਤਾ ਜਾਵੇਗਾ। ਇਸੇ ਦੌਰਾਨ ਸ਼ਿਵ ਸੈਨਾ (ਯੂਬੀਟੀ) ਨੇ ਸੱਤਾਧਾਰੀ ਦਲ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਸ ਬਾਰੇ ਸ਼ੱਕ ਹੈ ਕਿ ਸ਼ਿੰਦੇ ਦੀ ਅਗਵਾਈ ਵਾਲੇ ਦਲ ਦੇ ਵਿਧਾਇਕਾਂ ਨੂੰ ਮੰਤਰੀ ਮੰਡਲ ਵਿੱਚ ਥਾਂ ਦਿੱਤੀ ਜਾਵੇਗੀ ਜਾਂ ਨਹੀਂ। ਮਹਾਰਾਸ਼ਟਰ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅੰਬਾਦਾਸ ਦਾਨਵੇ ਨੇ ਕਿਹਾ ਕਿ ਭਾਜਪਾ ਜਿਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਆਈ ਹੈ, ਉਨ੍ਹਾਂ ਲੋਕਾਂ ਨੂੰ ਸੰਤੁਸ਼ਟ ਕਰਨਾ ਪਾਰਟੀ ਲਈ ਮੁਸ਼ਕਿਲ ਕੰਮ ਹੋਵੇਗਾ। -ਪੀਟੀਆਈ
ਭਾਜਪਾ ਦਾ ਸ਼ਿਵ ਸੈਨਾ ਨਾਲ ਗੱਠਜੋੜ ‘ਭਾਵੁਕ’ ਤੇ ਐੱਨਸੀਪੀ ਨਾਲ ‘ਸਿਆਸੀ’: ਫੜਨਵੀਸ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅੱਜ ਕਿਹਾ ਕਿ ਭਾਜਪਾ ਦਾ ਸ਼ਿਵ ਸੈਨਾ ਨਾਲ ਗੱਠਜੋੜ ਭਾਵੁਕ ਤੌਰ ’ਤੇ ਹੈ ਜਦੋਂ ਕਿ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਨਾਲ ਗੱਠਜੋੜ ਸਿਆਸੀ ਪੱਧਰ ’ਤੇ ਹੈ। ਭਾਜਪਾ ਹਰ ਕਿਸੇ ਦਾ ਪਾਰਟੀ ਵਿੱਚ ਸਵਾਗਤ ਕਰਦੀ ਹੈ ਪਰ ਸਬੰਧਤ ਵਿਅਕਤੀ ਦੀ ਸੋਚ ਕਾਂਗਰਸ ਵਰਗੀ ਨਹੀਂ ਹੋਣੀ ਚਾਹੀਦੀ। ਉਹ ਭਿਵੰਡੀ ਵਿੱਚ ਪਾਰਟੀ ਵਰਕਰਾਂ ਦੀ ‘ਮਹਾ ਵਿਜੈ 2024’ ਵਰਕਸ਼ਾਪ ਨੂੰ ਸੰਬੋਧਨ ਕਰ ਰਹੇ ਸਨ। ਇਹ ਵਰਕਸ਼ਾਪ ਅਗਾਮੀਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਨਾਲ ਭਾਜਪਾ ਦਾ ਗੱਠਜੋੜ ਭਾਵੁਕਤਾ ’ਤੇ ਆਧਾਰਿਤ ਹੈ। ਭਾਜਪਾ ਤੇ ਸ਼ਿਵ ਸੈਨਾ ਪਿਛਲੇ 25 ਵਰ੍ਹਿਆਂ ਤੋਂ ਇਕੱਠੇ ਹਨ। ਉਨ੍ਹਾਂ ਕਿਹਾ ਕਿ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਨਾਲ ਭਾਜਪਾ ਦਾ ਗੱਠਜੋੜ ਸਿਆਸੀ ਹੈ। -ਪੀਟੀਆਈ
ਵਿਰੋਧੀ ਧਿਰ ਦੀ ਅਗਵਾਈ ਕਰੇਗੀ ਕਾਂਗਰਸ: ਪ੍ਰਿਥਵੀਰਾਜ ਚਵਾਨ
ਨਵੀਂ ਦਿੱਲੀ: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪ੍ਰਿਥਵੀਰਾਜ ਚਵਾਨ ਨੇ ਅੱਜ ਕਿਹਾ ਕਿ ਐੱਨਸੀਪੀ ਵਿੱਚ ਹਾਲ ਹੀ ਵਿੱਚ ਪਈ ਫੁੱਟ ਕਾਰਨ ਕਾਂਗਰਸ ਵੱਲੋਂ ਮਹਾਰਾਸ਼ਟਰ ਵਿੱਚ ਵਿਰੋਧੀ ਧਿਰ ਦੀ ਅਗਵਾਈ ਕੀਤੀ ਜਾਵੇਗੀ ਤੇ ਪਾਰਟੀ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਮਹਾ ਵਿਕਾਸ ਅਗਾੜੀ ਗਠੱਜੋੜ ਦੇ ਹਿੱਸੇ ਵਜੋਂ ਲੜੇਗੀ। ਪੀਟੀਆਈ ਨੂੰ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੋਫਾੜ ਨਹੀਂ ਹੋਵੇਗੀ ਜਿਵੇਂ ਕਿ ਸ਼ਿਵ ਸੈਨਾ ਤੇ ਐੱਨਸੀਪੀ ਵਿਚ ਦੇਖਣ ਨੂੰ ਮਿਲਿਆ ਸੀ। -ਪੀਟੀਆਈ