ਮਹਾਰਾਜਾ ਹਰੀ ਸਿੰਘ ਦਾ ਸੁਫ਼ਨਾ ਹਕੀਕਤ ਵਿੱਚ ਬਦਲਿਆ
ਰਿਆਸੀ, 4 ਜੂਨ
ਉੱਚੀਆਂ ਤੇ ਔਖੀਆਂ ਸ਼ਿਵਾਲਿਕ ਅਤੇ ਪੀਰ ਪੰਜਾਲ ਦੀਆਂ ਪਹਾੜੀਆਂ ਰਾਹੀਂ ਕਸ਼ਮੀਰ ਵਾਦੀ ਲਈ ਰੇਲਗੱਡੀ ਸਦੀ ਤੋਂ ਵੀ ਵੱਧ ਪੁਰਾਣੀ ਯੋਜਨਾ ਹੈ ਜੋ ਸ਼ੁੱਕਰਵਾਰ ਨੂੰ ਹਕੀਕਤ ਵਿੱਚ ਤਬਦੀਲ ਹੋ ਜਾਵੇਗੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ੰਮੂ ਕਸ਼ਮੀਰ ਦੇ ਕਟੜਾ ਤੋਂ ਸ੍ਰੀਨਗਰ ਲਈ ‘ਵੰਦੇ ਭਾਰਤ’ ਰੇਲਗੱਡੀ ਨੂੰ ਹਰੀ ਝੰਡੀ ਦਿਖਾਉਣਗੇ।
ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ, ‘‘19ਵੀਂ ਸਦੀ ਵਿੱਚ ਡੋਗਰਾ ਮਹਾਰਾਜਿਆਂ ਵੱਲੋਂ ਤਜਵੀਜ਼ਤ ਇਹ ਯੋਜਨਾ ਹੁਣ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਅਹਿਮ ਬੁਨਿਆਦੀ ਢਾਂਚਾ ਪ੍ਰਾਪਤੀਆਂ ’ਚੋਂ ਇਕ ਵਿੱਚ ਤਬਦੀਲ ਹੋ ਰਹੀ ਹੈ।’’ ਮਹਾਰਾਜਾ ਹਰੀ ਸਿੰਘ ਦੇ ਪੋਤੇ ਅਤੇ ਸਾਬਕਾ ਸਦਰ-ਏ-ਰਿਆਸਤ ਕਰਨ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ 130 ਸਾਲ ਪਹਿਲਾਂ ਡੋਗਰਾ ਸ਼ਾਸਕ ਵੱਲੋਂ ਬਣਾਈ ਗਈ ਯੋਜਨਾ ਆਖ਼ਰਕਾਰ ਹਕੀਕਤ ਵਿੱਚ ਤਬਦੀਲ ਹੋ ਗਈ ਹੈ।
ਜੰਮੂ ਕਸ਼ਮੀਰ ਦੇ ਵਿਧਾਇਕ ਰਹਿ ਚੁੱਕੇ ਵਿਕਰਮਾਦਿੱਤਿਆ ਸਿੰਘ ਨੇ ਕਿਹਾ, ‘‘ਕਸ਼ਮੀਰ ਵਾਦੀ ਤੱਕ ਰੇਲਵੇ ਲਾਈਨ ਪ੍ਰਾਜੈਕਟ ਦੀ ਕਲਪਨਾ ਅਤੇ ਰੂਪ-ਰੇਖਾ ਮਹਾਰਾਜਾ ਪ੍ਰਤਾਪ ਸਿੰਘ ਦੇ ਸ਼ਾਸਨਕਾਲ ਵਿੱਚ ਹੀ ਤਿਆਰ ਕੀਤੀ ਗਈ ਸੀ। ਇਹ ਨਾ ਸਿਰਫ਼ ਜੰਮੂ ਕਸ਼ਮੀਰ ਦੇ ਲੋਕਾਂ, ਬਲਕਿ ਪੂਰੇ ਦੇਸ਼ ਵਾਸਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਪ੍ਰਧਾਨ ਮੰਤਰੀ ਇਸ ਸੁਫ਼ਨੇ ਨੂੰ ਹਕੀਕਤ ਵਿੱਚ ਤਬਦੀਲ ਕਰਨਗੇ।’’ ਡੋਗਰਾ ਸ਼ਾਸਕ ਨੇ ਬਰਤਾਨਵੀ ਇੰਜਨੀਅਰਾਂ ਨੂੰ ਕਸ਼ਮੀਰ ਤੱਕ ਰੇਲਵੇ ਲਾਈਨ ਵਾਸਤੇ ਜੰਗਲੀ ਇਲਾਕੇ ਦਾ ਸਰਵੇਖਣ ਕਰਨ ਦਾ ਕੰਮ ਸੌਂਪਿਆ ਸੀ। ਇਹ ਅਹਿਮ ਪ੍ਰਾਜੈਕਟ ਸੀ, ਜੋ ਸਦੀ ਤੋਂ ਵੀ ਵੱਧ ਸਮੇਂ ਤੱਕ ਅਧੂਰਾ ਰਿਹਾ। ਜੰਮੂ ਕਸ਼ਮੀਰ ਪੁਰਾਤੱਤ ਵਿਭਾਗ ਦੇ ਵਿਸ਼ੇਸ਼ ਦਸਤਾਵੇਜ਼ਾਂ ਮੁਤਾਬਕ, ਕਸ਼ਮੀਰ ਤੱਕ ਰੇਲ ਸੰਪਰਕ ਦਾ ਵਿਚਾਰ ਪਹਿਲੀ ਵਾਰ ਪਹਿਲੀ ਮਾਰਚ 1892 ਨੂੰ ਮਹਾਰਾਜਾ ਵੱਲੋਂ ਪ੍ਰਸਤਾਵਿਤ ਕੀਤਾ ਗਿਆ ਸੀ। -ਪੀਟੀਆਈ
ਚਨਾਬ ਪੁਲ ਦਾ ਵੀ ਕੀਤਾ ਜਾਵੇਗਾ ਉਦਘਾਟਨ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਦੁਨੀਆ ਦੇ ਸਭ ਤੋਂ ਉੱਚੇ ਰੇਲਵੇ ‘ਆਰਕ ਬ੍ਰਿਜ’ ਚਨਾਬ ਰੇਲਵੇ ਪੁਲ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਟੜਾ ’ਚ ਪ੍ਰਧਾਨ ਮੰਤਰੀ 46,000 ਕਰੋੜ ਰੁਪਏ ਤੋਂ ਵੱਧ ਦੇ ਕਈ ਵਿਕਾਸ ਪ੍ਰਾਜੈਕਟਾਂ ਦਾ ਆਰੰਭ ਕਰਨਗੇ। ਚਨਾਬ ਪੁਲੀਸ ਨੂੰ ਆਰਕੀਟੈਕਟ ਦਾ ਬੇਮਿਸਾਲ ਨਮੂਨਾ ਦੱਸਦੇ ਹੋਏ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਨਦੀ ਤੋਂ 359 ਮੀਟਰ ਦੀ ਉਚਾਈ ’ਤੇ ਹੈ। ਇਹ 1315 ਮੀਟਰ ਲੰਬਾ ‘ਸਟੀਲ ਆਰਕ ਬ੍ਰਿਜ’ ਹੈ ਜਿਸ ਨੂੰ ਭੂਚਾਲ ਤੇ ਹਵਾ ਦੀ ਹਰੇਕ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਪੁਲ ਰਾਹੀਂ ਜੰਮੂ ਤੇ ਸ੍ਰੀਨਗਰ ਵਿਚਾਲੇ ਸੰਪਰਕ ਵਧੇਗਾ। ਪੁਲ ’ਤੇ ਚੱਲਣ ਵਾਲੀ ਵੰਦੇ ਭਾਰਤ ਰੇਲਗੱਡੀ ਰਾਹੀਂ ਕਟੜਾ ਅਤੇ ਸ੍ਰੀਨਗਰ ਦਰਮਿਆਨ ਸਫ਼ਰ ਦੇ ਸਿਰਫ਼ ਤਿੰਨ ਘੰਟੇ ਲੱਗਣਗੇ। -ਪੀਟੀਆਈ