ਮਹਾਂਕੁੰਭ: ਤ੍ਰਿਵੇਣੀ ਸੰਗਮ ’ਚ 50 ਕਰੋੜ ਤੋਂ ਵੱਧ ਸ਼ਰਧਾਲੂਆਂ ਵੱਲੋਂ ਇਸ਼ਨਾਨ
ਮਹਾਂਕੁੰਭ ਨਗਰ, 14 ਫਰਵਰੀ
ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ’ਚ ਅੱਜ ਸ਼ੁੱਕਰਵਾਰ ਸ਼ਾਮ ਤੱਕ 50 ਕਰੋੜ ਤੋਂ ਵੱਧ ਸ਼ਰਧਾਲੂ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕਰ ਚੁੱਕੇ ਹਨ। ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਜਾਣਕਾਰੀ ਦਿੱਤੀ। ਬਿਆਨ ’ਚ ਕਿਹਾ ਗਿਆ ਕਿ ਇਸ਼ਨਾਨ ਕਰਨ ਵਾਲਿਆਂ ਦੀ ਇਹ ਗਿਣਤੀ ਭਾਰਤ ਤੇ ਚੀਨ ਨੂੰ ਛੱਡ ਕੇ ਦੁਨੀਆ ਦੇ ਬਾਕੀ ਸਾਰੇ ਮੁਲਕਾਂ ਦੀ ਆਬਾਦੀ ਤੋਂ ਵੱਧ ਹੈ।
ਮਹਾਂਕੁੰਭ ਦੀ ਮੇਜ਼ਬਾਨੀ ਕਰ ਰਹੀ ਉੱਤਰ ਪ੍ਰਦੇਸ਼ ਸਰਕਾਰ ਨੇ ਦਾਅਵਾ ਕੀਤਾ ਕਿ ਇਹ ਮਨੁੱਖੀ ਇਤਿਹਾਸ ’ਚ ਕਿਸੇ ਧਾਰਮਿਕ, ਸੱਭਿਆਚਾਰਕ ਜਾਂ ਸਮਾਜਿਕ ਸਮਾਗਮ ਦੇ ਲਿਹਾਜ਼ ਤੋਂ ‘ਲੋਕਾਂ ਦਾ ਸਭ ਤੋਂ ਵੱਡਾ ਇਕੱਠ’ ਹੈ। ਗੰਗਾ, ਯਮੁਨਾ ਤੇ ਸਰਸਵਤੀ ਦੇ ਮਿਲਾਪ ਸਥਾਨ ਤ੍ਰਿਵੇਣੀ ਸੰਗਮ ’ਤੇ ਇਹ ਮਹਾਂਕੁੰਭ 13 ਜਨਵਰੀ ਨੂੰ ਸ਼ੁਰੂ ਹੋਇਆ ਜੋ 26 ਫਰਵਰੀ ਤੱਕ ਚੱਲੇਗਾ। ਮਹਾਂਕੁੰਭ ਹਰ 12 ਸਾਲਾਂ ਬਾਅਦ ਕਰਵਾਇਆ ਜਾਂਦਾ ਹੈ। ਇਸੇ ਦੌਰਾਨ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਪਣੀ ਪਤਨੀ ਅੰਮ੍ਰਿਤਾ ਫੜਨਵੀਸ ਤੇ ਬੇਟੀ ਦਿਵਿਜਾ ਨਾਲ ਤ੍ਰਿਵੇਣੀ ਸੰਗਮ ’ਚ ਇਸ਼ਨਾਨ ਕੀਤਾ ਅਤੇ ਗੰਗਾ ਦੀ ਪੂਜਾ ਕੀਤੀ। ਫੜਨਵੀਸ ਨੇ ਕਿਹਾ, ‘‘ਮੈਂ ਖੁਸ਼ ਹਾਂ ਕਿ ਮੈਨੂੰ ਆਪਣੇ ਪਰਿਵਾਰ ਨਾਲ ਇੱਥੇ ਆਉਣ ਦਾ ਮੌਕਾ ਮਿਲਿਆ।’’ ਅੰਮ੍ਰਿਤਾ ਫੜਨਵੀਸ ਨੇ ਕਿਹਾ, ‘‘ਸੰਗਮ ’ਚ ਇਸ਼ਨਾਨ ਕਰਨ ਵਾਲੇ 50 ਕਰੋੜ ਲੋਕਾਂ ’ਚ ਅਸੀਂ ਵੀ ਸ਼ਾਮਲ ਹਾਂ।’’ ਉੱਤਰ ਪ੍ਰਦੇਸ਼ ਪੁਲੀਸ ਨੇ ਪ੍ਰਯਾਗਰਾਜ ’ਚ ਚੱਲ ਰਹੇ ਮਹਾਂਕੁੰਭ ਬਾਰੇ ਗਲਤ ਤੇ ਭਰਮਾਊ ਜਾਣਕਾਰੀ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਪਿਛਲੇ ਮਹੀਨੇ 53 ਸੋਸ਼ਲ ਮੀਡੀਆ ਖਾਤਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਸੀਨੀਅਰ ਅਧਿਕਾਰੀਆਂ ਮੁਤਾਬਕ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀਆਂ ਹਦਾਇਤਾਂ ਮਗਰੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ। ਇਸ ਦੌਰਾਨ ਕਈ ਗੁੰਮਰਾਹਕੁਨ ਪੋਸਟਾਂ ਦੀ ਪਛਾਣ ਕੀਤੀ ਗਈ। ਇਨ੍ਹਾਂ ਵਿੱਚ ਪੁਰਾਣੀਆਂ ਵੀਡੀਓਜ਼ ਵੀ ਸ਼ਾਮਲ ਹਨ, ਜਿਨ੍ਹਾਂ ਨੂੰ ਗਲਤ ਢੰਗ ਨਾਲ ਇਸ ਸਮਾਗਮ ਨਾਲ ਜੋੜਿਆ ਗਿਆ ਸੀ। ਡੀਜੀਪੀ ਪ੍ਰਸ਼ਾਂਤ ਕੁਮਾਰ ਨੇ ਅੱਜ ਦੱਸਿਆ ਕਿ ਵਿਭਾਗ ਨੇ ਰਣਨੀਤੀ ਬਣਾਈ ਹੈ, ਜਿਸ ਵਿੱਚ ਸੋਸ਼ਲ ਮੀਡੀਆ ’ਤੇ ਭਰਮਾਊ ਪੋਸਟਾਂ ਦੀ ਨਿਗਰਾਨੀ ਤੇ ਉਨ੍ਹਾਂ ਨਾਲ ਨਜਿੱਠਣ ਲਈ ਉੱਤਰ ਪ੍ਰਦੇਸ਼ ਪੁਲੀਸ ਅਤੇ ਮਾਹਿਰ ਏਜੰਸੀਆਂ ਵੱਲੋਂ ਲਗਾਤਾਰ ਸਾਈਬਰ ਨਿਗਰਾਨੀ ਸ਼ਾਮਲ ਹੈ। -ਪੀਟੀਆਈ
ਮਮਤਾ ਕੁਲਕਰਨੀ ਦਾ ਮਹਾਂਮੰਡਲੇਸ਼ਵਰ ਅਹੁਦੇ ਤੋਂ ਅਸਤੀਫ਼ਾ ਨਾਮਨਜ਼ੂਰ
ਮਮਤਾ ਕੁਲਕਰਨੀ ਕਿੰਨਰ ਅਖਾੜੇ ਦੀ ਮਹਾਂਮੰਡਲੇਸ਼ਵਰ ਬਣੀ ਰਹੇਗੀ ਕਿਉਂਕਿ ਉਸ ਵੱਲੋਂ ਇਸ ਅਹੁਦੇ ਤੋਂ ਦਿੱਤਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਗਿਆ ਹੈ। 24 ਜਨਵਰੀ ਨੂੰ ਮਮਤਾ ਕੁਲਕਰਨੀ ਨੂੰ ਮਹਾਂਮੰਡਲੇਸ਼ਵਰ ਬਣਾਇਆ ਗਿਆ ਸੀ। ਸਾਬਕਾ ਅਦਾਕਾਰਾ ਨੇ ਅੱਜ ਇੱਕ ਵੀਡੀਓ ’ਚ ਕਿਹਾ, ‘‘ਮਹਾਂਮੰਡਲੇਸ਼ਵਰ ਅਹੁਦੇ ਤੋਂ ਮੇਰਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਗਿਆ। ਮੈਨੂੰ ਇਸ ਅਹੁਦੇ ’ਤੇ ਬਰਕਰਾਰ ਰੱਖਣ ਲਈ ਮੈਂ ਅਚਾਰੀਆ ਲਕਸ਼ਮੀ ਨਾਰਾਇਣ ਤ੍ਰਿਪਾਠੀ ਦਾ ਧੰਨਵਾਦ ਕਰਦੀ ਹਾਂ।’’
ਕਿੰਨਰ ਅਖਾੜੇ ਦੀ ਮਹਾਂਮੰਡਲੇਸ਼ਵਰ ਤੇ ਤਿੰਨ ਪੈਰੋਕਾਰਾਂ ’ਤੇ ਹਮਲਾ
ਕਿੰਨਰ ਅਖਾੜੇ ਦੀ ਮਹਾਂਮੰਡਲੇਸ਼ਰ ਕਲਿਆਣੀਨੰਦ ਗਿਰੀ ਤੇ ਉਨ੍ਹਾਂ ਤਿੰਨ ਪੈਰੋਕਾਰਾਂ ’ਤੇ ਵੀਰਵਾਰ ਦੇਰ ਰਾਤ ਨੂੰ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਪੁਲੀਸ ਨੇ ਦੱਸਿਆ ਕਿ ਹਮਲੇ ’ਚ ਚਾਰੇ ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਪੁਲੀਸ ਨੇ ਕਿਹਾ ਕਿ ਕਿੰਨਰ ਦੀ ਅਖਾੜੇ ਦੀ ਸ਼ਿਕਾਇਤ ਮਗਰੋਂ ਮੁੱਢਲੀ ਜਾਂਚ ’ਚ ਪਤਾ ਲੱਗਾ ਹੈ ਕਿ ਇਹ ਮਾਮਲਾ ਕਿੰਨਰਾਂ ਦੇ ਦੋ ਧੜਿਆਂ ਵਿਚਾਲੇ ਪੁਰਾਣੀ ਰੰਜਿਸ਼ ਦਾ ਹੈ।