DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਹਾਂਕੁੰਭ: ਸੰਗਮ ਵਿੱਚ ਗੰਗਾ ਦਾ ਪਾਣੀ ਨਹਾਉਣ ਯੋਗ ਨਹੀਂ

ਸਰਕਾਰੀ ਅੰਕੜਿਆਂ ਵਿੱਚ ਹੋਇਆ ਖੁਲਾਸਾ; ਪਾਣੀ ਵਿੱਚ ਬੀਓਡੀ ਪੱਧਰ ਲੋੜ ਤੋਂ ਵੱਧ ਹੋਣ ਦਾ ਦਾਅਵਾ
  • fb
  • twitter
  • whatsapp
  • whatsapp
featured-img featured-img
ਪ੍ਰਯਾਗਰਾਜ ’ਚ ਤ੍ਰਿਵੇਣੀ ਸੰਗਮ ’ਚ ਡੁਬਕੀ ਲਾਉਂਦੇ ਹੋਏ ਸ਼ਰਧਾਲੂ। -ਫੋਟੋ: ਏਐੱਨਆਈ
Advertisement
ਨਵੀਂ ਦਿੱਲੀ, 19 ਫਰਵਰੀ

ਸਰਕਾਰੀ ਅੰਕੜਿਆਂ ਅਨੁਸਾਰ ਪ੍ਰਯਾਗਰਾਜ ਦੇ ਤ੍ਰਿਵੇਣੀ ਸੰਗਮ ਵਿੱਚ ਗੰਗਾ ਦਾ ਪਾਣੀ ਇਸ ਵੇਲੇ ਨਹਾਉਣ ਯੋਗ ਨਹੀਂ ਹੈ। ਇਸ ਵਿੱਚ ਬੀਓਡੀ (ਬਾਇਓਲੋਜੀਕਲ ਆਕਸੀਜਨ ਡਿਮਾਂਡ) ਦਾ ਪੱਧਰ ਲੋੜ ਤੋਂ ਵੱਧ ਹੈ। ਮਹਾਂਕੁੰਭ ਦੌਰਾਨ ਲੱਖਾਂ ਲੋਕ ਹਰ ਰੋਜ਼ ਸੰਗਮ ਵਿੱਚ ਡੁਬਕੀ ਲਾ ਰਹੇ ਹਨ। ਪਾਣੀ ਦੀ ਗੁਣਵੱਤਾ ਨਿਰਧਾਰਤ ਕਰਨ ਲਈ ਬੀਓਡੀ ਅਹਿਮ ਮਹੱਤਵਪੂਰਨ ਮਾਪਦੰਡ ਹੈ। ਬੀਓਡੀ ਪਾਣੀ ਵਿੱਚ ਜੈਵਿਕ ਪਦਾਰਥ ਤੋੜਨ ਲਈ ਐਰੋਬਿਕ ਸੂਖਮ ਜੀਵਾਂ ਨੂੰ ਲੋੜੀਂਦੀ ਆਕਸੀਜਨ ਦੀ ਮਾਤਰਾ ਹੈ। ਬੀਓਡੀ ਦਾ ਉੱਚ ਪੱਧਰ ਪਾਣੀ ਵਿੱਚ ਵਧੇਰੇ ਜੈਵਿਕ ਸਮੱਗਰੀ ਨੂੰ ਦਰਸਾਉਂਦਾ ਹੈ। ਜੇ ਬੀਓਡੀ ਦਾ ਪੱਧਰ 3 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਘੱਟ ਹੈ ਤਾਂ ਪਾਣੀ ਨਹਾਉਣ ਲਈ ਢੁਕਵਾਂ ਮੰਨਿਆ ਜਾਂਦਾ ਹੈ। ਸਰਕਾਰੀ ਅੰਕੜੇ ਦਰਸਾਉਂਦੇ ਹਨ ਕਿ ਸੰਗਮ ਵਿਚਲੇ ਪਾਣੀ ਦਾ ਬੀਓਡੀ ਪੱਧਰ ਇਸ ਤੋਂ ਵੱਧ ਹੈ।

Advertisement

16 ਜਨਵਰੀ ਨੂੰ ਸਵੇਰੇ 5 ਵਜੇ ਸੰਗਮ ਵਿੱਚ ਬੀਓਡੀ ਪੱਧਰ 5.09 ਮਿਲੀਗ੍ਰਾਮ ਪ੍ਰਤੀ ਲਿਟਰ ਸੀ ਅਤੇ ਅੱਜ ਸਵੇਰੇ 8 ਵਜੇ ਇਹ 5.29 ਮਿਲੀਗ੍ਰਾਮ ਪ੍ਰਤੀ ਲਿਟਰ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ 13 ਜਨਵਰੀ ਨੂੰ ਜਦੋਂ ਮਹਾਂਕੁੰਭ ਸ਼ੁਰੂ ਹੋਇਆ ਸੀ ਤਾਂ ਸੰਗਮ ਵਿੱਚ ਇਹ ਪੱਧਰ 3.94 ਮਿਲੀਗ੍ਰਾਮ ਪ੍ਰਤੀ ਲਿਟਰ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਵੀ ਸੰਗਮ ਦਾ ਪਾਣੀ ਦੂਸ਼ਿਤ ਹੋਣ ਦਾ ਦੋਸ਼ ਲਾ ਚੁੱਕੇ ਹਨ। ਇਸ ਦੌਰਾਨ ਭਾਰਤ, ਭੂਟਾਨ, ਮਾਲਦੀਵ ਅਤੇ ਸ੍ਰੀਲੰਕਾ ਲਈ ਯੂਨੈਸਕੋ ਦੇ ਨਿਰਦੇਸ਼ਕ ਟਿਮ ਕਰਟਿਸ ਨੇ ਅੱਜ ਇੱਥੇ ਸੰਗਮ ਵਿੱਚ ਇਸ਼ਨਾਨ ਕੀਤਾ। ਇਸ ਦੌਰਾਨ ਉਨ੍ਹਾਂ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਵੀ ਕੀਤੀ। -ਪੀਟੀਆਈ

ਸੰਗਮ ਦਾ ਪਾਣੀ ਨਹਾਉਣ ਤੇ ਪੀਣ ਲਈ ਢੁਕਵਾਂ: ਯੋਗੀ

ਲਖਨਊ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਅੱਜ ਦਾਅਵਾ ਕੀਤਾ ਕਿ ਸੰਗਮ ਦਾ ਪਾਣੀ ਨਹਾਉਣ ਅਤੇ ਪੀਣ ਲਈ ਢੁਕਵਾਂ ਹੈ। ਉਨ੍ਹਾਂ ਰਾਜ ਵਿਧਾਨ ਸਭਾ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਕੰਟਰੋਲ ਬੋਰਡ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸੰਗਮ ਵਿੱਚ ਪਾਣੀ ਦੀ ਗੁਣਵੱਤਾ ਦੀ ਨਿਰੰਤਰ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਸਮਾਜਵਾਦੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਜਦੋਂ ਉਹ ਸੱਤਾ ’ਚ ਸੀ ਤਾਂ ਗੰਗਾ ਅਤੇ ਯਮੁਨਾ ਦੀ ਹਾਲਤ ਇੰਨੀ ਖਰਾਬ ਸੀ ਕਿ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ 2013 ਦੇ ਕੁੰਭ ਦੌਰਾਨ ਇਸ਼ਨਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ, ‘ਯੂਪੀ ਪ੍ਰਦੂਸ਼ਣ (ਕੰਟਰੋਲ) ਬੋਰਡ ਅਨੁਸਾਰ ਜਨਵਰੀ ਅਤੇ ਫਰਵਰੀ ਵਿੱਚ ਸੰਗਮ ਵਿੱਚ ਫੀਕਲ ਕੋਲੀਫਾਰਮ ਦਾ ਪੱਧਰ ਨਿਰਧਾਰਤ ਹੱਦ ਦੇ ਅੰਦਰ ਸੀ।’ ਉਨ੍ਹਾਂ ਕਿਹਾ ਕਿ ਕੇਂਦਰੀ ਪ੍ਰਦੂਸ਼ਣ (ਕੰਟਰੋਲ) ਬੋਰਡ ਨੇ ਵੀ ਆਪਣੀ ਰਿਪੋਰਟ ਵਿੱਚ ਇਸ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ

Advertisement
×