Mahakumbh: ਕਿੰਨਰ ਅਖਾੜੇ ਨੇੜੇ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਪ੍ਰਯਾਗਰਾਜ, 20 ਜਨਵਰੀ
ਮਹਾਕੁੰਭ ਨਗਰ ਸਥਿਤ ਸੈਕਟਰ-19 ’ਚ ਬੀਤੇ ਦਿਨ ਅੱਗ ਲੱਗਣ ਦੀ ਵੱਡੀ ਘਟਨਾ ਤੋਂ ਅਗਲੇ ਦਿਨ ਅੱਜ ਸੈਕਟਰ-16 ’ਚ ਕਿੰਨਰ ਅਖਾੜਾ ਸਾਹਮਣੇ ਸ੍ਰੀ ਹਰੀ ਦਿਵਿਆ ਸਾਧਨਾ ਪੀਠ, ਪ੍ਰਤਾਪਗੜ੍ਹ ਦੇ ਕੈਂਪ ’ਚ ਅੱਗ ਲੱਗ ਗਈ, ਜਿਸ ਨੂੰ ਸਥਾਨਕ ਲੋਕਾਂ ਨੇ ਪਾਣੀ ਤੇ ਰੇਤਾ ਪਾ ਕੇ ਬੁਝਾ ਦਿੱਤਾ।
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕੇਂਦਰ ਅੰਨ ਖੇਤਰ ਅਧੀਨ ਲੱਗੇ ਟਾਵਰ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਸਵੇਰੇ 9.30 ਵਜੇ ਕਿੰਨਰ ਅਖਾੜਾ ਸਾਹਮਣੇ ਧੂੰਆਂ ਉਠਦਾ ਦਿਖਾਈ ਦਿੱਤਾ ਅਤੇ ਇਸ ਦੀ ਸੂਚਨਾ ਕੰਟਰੋਲ ਰੂਮ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸੂਚਨਾ ’ਤੇ ਖੇਤਰ ’ਚ ਘੁੰਮ ਰਹੇ ਫਾਇਰ ਬ੍ਰਿਗੇਡ ਦੇ ਵਾਹਨ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ। ਅਧਿਕਾਰੀ ਨੇ ਕਿਹਾ ਕਿ ਸ੍ਰੀ ਹਰੀ ਦਿਵਿਆ ਸਾਧਨਾ ਪੀਠ ਪ੍ਰਤਾਪਗੜ੍ਹ ਸੰਗਮ ਲੋਅਰ ਮਾਰਗ ’ਤੇ ਅੱਗ ਲੱਗੀ ਸੀ ਜਿਸ ਨੂੰ ਉੱਥੇ ਮੌਜੂਦ ਲੋਕਾਂ ਨੇ ਰੇਤਾ ਤੇ ਪਾਣੀ ਨਾਲ ਪਹਿਲਾਂ ਹੀ ਬੁਝਾ ਲਿਆ ਸੀ। ਉਨ੍ਹਾਂ ਦੱਸਿਆ ਕਿ ਨਿਰੀਖਣ ’ਚ ਪਾਇਆ ਗਿਆ ਕਿ ਇੱਕ ਟੈਂਟ ’ਚ ਅੱਗ ਲੱਗੀ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸੈਕਟਰ-19 ’ਚ ਇੱਕ ਕੈਂਪ ’ਚ ਲੱਗੀ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਇਸ ਲਪੇਟ ’ਚ ਆ ਕੇ ਤਕਰੀਬਨ 18 ਟੈਂਟ ਸੜ ਗਏ ਸਨ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਹਾਲਾਂਕਿ ਅੱਗ ’ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਤੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਗੀਤ ਪ੍ਰੈੱਸ ਤੇ ਆਲ ਇੰਡੀਆ ਭਾਰਤੀ ਧਰਮ ਸੰਘ ਵੱਲੋਂ ਲਾਏ ਗਏ ਇਸ ਕੈਂਪ ’ਚ ਲੱਗੀ ਅੱਗ ਬੁਝਾਉਣ ਲਈ ਤਕਰੀਬਨ 15-16 ਗੱਡੀਆਂ ਦੀ ਵਰਤੋਂ ਕੀਤੀ ਗਈ ਸੀ। -ਪੀਟੀਆਈ
ਮੌਨੀ ਮੱਸਿਆ ਮੌਕੇ 10 ਕਰੋੜ ਸ਼ਰਧਾਲੂਆਂ ਦੇ ਸੰਗਮ ’ਚ ਇਸ਼ਨਾਨ ਕਰਨ ਦੀ ਸੰਭਾਵਨਾ
ਪ੍ਰਯਾਗਰਾਜ:
ਮਹਾਕੁੰਭ ਦੇ ਅਗਲੇ ਹਫ਼ਤੇ ਹੋਣ ਵਾਲੇ ਦੂਜੇ ‘ਅੰਮ੍ਰਿਤ ਇਸ਼ਨਾਨ’ ਮੌਕੇ 10 ਕਰੋੜ ਤੋਂ ਵੱਧ ਸ਼ਰਧਾਲੂਆਂ ਤੇ 13 ਅਖਾੜਿਆਂ ਦੇ ਪਹੁੰਚਣ ਦੀ ਉਮੀਦ ਹੈ ਤੇ ਅਖਾੜਿਆਂ ਨੂੰ ਇੱਥੇ ਤ੍ਰਿਵੈਣੀ ਸੰਗਮ ’ਤੇ ਆਪਣੇ ਇਸ਼ਨਾਨ ਦਾ ਸਮਾਂ ਤੈਅ ਕਰਨ ਲਈ ਕਿਹਾ ਗਿਆ ਹੈ। 29 ਜਨਵਰੀ ਨੂੰ ਆਉਣ ਵਾਲੀ ਮੌਨੀ ਮੱਸਿਆ ਦੇ ਇਸ਼ਨਾਨ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ।
‘ਆਈਆਈਟੀ ਬਾਬਾ’ ’ਤੇ ਜੂਨਾ ਅਖਾੜਾ ਕੈਂਪ ’ਚ ਪਾਬੰਦੀ
ਪ੍ਰਯਾਗਰਾਜ:
ਆਈਆਈਟੀ ਬੰਬੇ ਤੋਂ ਏਅਰੋਸਪੇਸ ਇੰਜਨੀਅਰ ਹੋਣ ਦਾ ਦਾਅਵਾ ਕਰਕੇ ਮਹਾਕੁੰਭ ’ਚ ‘ਆਈਆਈਟੀ ਬਾਬਾ’ ਵਜੋਂ ਮਸ਼ਹੂਰੀ ਖੱਟਣ ਵਾਲੇ ਅਭੈ ਸਿੰਘ ’ਤੇ ਜੂਨਾ ਅਖਾੜਾ ਕੈਂਪ ’ਚ ਪਾਬੰਦੀ ਲਗਾ ਦਿੱਤੀ ਗਈ ਹੈ। ਅਖਾੜੇ ਦੇ ਕੌਮਾਂਤਰੀ ਬੁਲਾਰੇ ਸ੍ਰੀਮਹੰਤ ਨਾਰਾਇਣ ਗਿਰੀ ਨੇ ਅਭੈ ਸਿੰਘ ਨੂੰ ‘ਪੜ੍ਹਿਆ ਲਿਖਿਆ ਮੂਰਖ’ ਦੱਸਿਆ ਤੇ ਕਿਹਾ ਕਿ ਉਸ ਨੇ ਆਪਣੇ ਗੁਰੂ ਨਾਲ ਦੁਰਵਿਹਾਰ ਕੀਤਾ ਹੈ। -ਪੀਟੀਆਈ