DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੱਧ ਪ੍ਰਦੇਸ਼ ਸਰਕਾਰ ਨੇ ਖੰਘ ਦੀ ਦਵਾਈ Coldrif ਦੀ ਵਿਕਰੀ ’ਤੇ ਪਾਬੰਦੀ ਲਾਈ

ਨਮੂਨਿਆਂ ਵਿਚ ਜ਼ਹਿਰੀਲਾ ਪਦਾਰਥ ਮਿਲਣ ਦਾ ਦਾਅਵਾ, ਹੁਣ ਤੱਕ 14 ਬੱਚਿਆਂ ਦੀ ਮੌਤ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement
ਮੱਧ ਪ੍ਰਦੇਸ਼ ਸਰਕਾਰ ਨੇ ਛਿੰਦਵਾੜਾ ਵਿਚ 14 ਬੱਚਿਆਂ ਦੀ ਮੌਤ ਮਗਰੋਂ ਕੋਲਡ੍ਰਿਫ ਕਫ਼ ਸਿਰਪ ਦੀ ਵਿਕਰੀ ’ਤੇ ਰੋਕ ਲਾ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਦਵਾਈ ਦੇ ਨਮੂਨਿਆਂ ਵਿਚ ਲੋੜ ਨਾਲੋਂ ਵੱਧ ਜ਼ਹਿਰੀਲਾ ਪਦਾਰਥ ਪਾਇਆ ਗਿਆ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਛੇ ਰਾਜਾਂ ਵਿੱਚ ਖੰਘ ਦੇ ਸਿਰਪ ਅਤੇ ਐਂਟੀਬਾਇਓਟਿਕਸ ਸਮੇਤ 19 ਦਵਾਈਆਂ ਦੇ ਨਿਰਮਾਣ ਯੂਨਿਟਾਂ ’ਤੇ ਜੋਖਮ-ਅਧਾਰਤ ਨਿਰੀਖਣ ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਚੇਨੱਈ ਵਿੱਚ ਡਰੱਗ ਟੈਸਟਿੰਗ ਲੈਬਾਰਟਰੀ ਵਿੱਚ ਸਰਕਾਰੀ ਡਰੱਗ ਵਿਸ਼ਲੇਸ਼ਕ ਵੱਲੋਂ ਜਾਂਚੇ ਗਏ ਸਿਰਪ ਦੇ ਇੱਕ ਨਮੂਨੇ ਨੂੰ ਤਾਮਿਲਨਾਡੂ ਡਰੱਗ ਕੰਟਰੋਲ ਡਾਇਰੈਕਟੋਰੇਟ ਵੱਲੋਂ ‘ਗ਼ੈਰਮਿਆਰੀ ਗੁਣਵੱਤਾ’ ਵਾਲਾ ਐਲਾਨਿਆ ਗਿਆ ਸੀ।

Advertisement

ਮੱਧ ਪ੍ਰਦੇਸ਼ ਸਰਕਾਰ ਵੱਲੋਂ ਸਿਰਪ ’ਤੇ ਰੋਕ ਲਾਉਣ ਦਾ ਫੈਸਲਾ ਛਿੰਦਵਾੜਾ ਜ਼ਿਲ੍ਹੇ ਵਿੱਚ ਸ਼ੱਕੀ ਗੁਰਦੇ ਫੇਲ੍ਹ ਹੋਣ ਕਾਰਨ 14 ਬੱਚਿਆਂ ਦੀ ਮੌਤ ਮਗਰੋਂ ਲਿਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ 7 ਸਤੰਬਰ ਤੋਂ ਇਨ੍ਹਾਂ ਵਿੱਚੋਂ 10 ਮੌਤਾਂ ਪਾਰਸੀਆ ਸਬ-ਡਿਵੀਜ਼ਨ ਵਿੱਚ ਹੋਈਆਂ ਹਨ। ਸਬ-ਡਿਵੀਜ਼ਨਲ ਮੈਜਿਸਟ੍ਰੇਟ (ਐਸਡੀਐਮ) ਸੌਰਭ ਕੁਮਾਰ ਯਾਦਵ ਨੇ ਪੀਟੀਆਈ ਨੂੰ ਦੱਸਿਆ ਕਿ ਪਾਰਸੀਆ ਦੀ ਰਹਿਣ ਵਾਲੀ ਯੋਗਿਤਾ (2) ਦੀ ਸ਼ਨਿੱਚਰਵਾਰ ਸਵੇਰੇ ਨਾਗਪੁਰ ਦੇ ਇੱਕ ਹਸਪਤਾਲ ਵਿੱਚ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਛੇ ਬੱਚੇ ਇਲਾਜ ਅਧੀਨ ਹਨ, ਜਿਨ੍ਹਾਂ ਵਿੱਚੋਂ ਪੰਜ ਨਾਗਪੁਰ ਵਿੱਚ ਅਤੇ ਇੱਕ ਛਿੰਦਵਾੜਾ ਵਿੱਚ ਹੈ। ਉਨ੍ਹਾਂ ਕਿਹਾ ਕਿ ਨਾਗਪੁਰ ਵਿੱਚ ਦਾਖਲ ਤਿੰਨ ਬੱਚਿਆਂ ਦੀ ਹਾਲਤ ਗੰਭੀਰ ਹੈ।

Advertisement

ਅਧਿਕਾਰੀਆਂ ਨੇ ਦੱਸਿਆ ਕਿ 14 ਮ੍ਰਿਤਕ ਬੱਚਿਆਂ ਦੇ ਰਿਸ਼ਤੇਦਾਰਾਂ ਲਈ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਗਈ ਹੈ। ਮਰਨ ਵਾਲਿਆਂ ਵਿੱਚੋਂ 11 ਪਾਰਸੀਆ ਸਬ ਡਿਵੀਜ਼ਨ ਦੇ, ਦੋ ਛਿੰਦਵਾੜਾ ਸ਼ਹਿਰ ਦੇ ਅਤੇ ਇੱਕ ਚੌਰਾਈ ਤਹਿਸੀਲ ਦਾ ਸੀ। ਪਾਰਸੀਆ ਵਿੱਚ ਪਹਿਲਾਂ ਮਰਨ ਵਾਲੇ ਨੌਂ ਬੱਚਿਆਂ ਦੀ ਪਛਾਣ ਸ਼ਿਵਮ (9), ਵਿਧੀ (6), ਅਦਨਾਨ (6), ਉਸੈਦ (9), ਰਿਸ਼ਿਕਾ (10), ਹੇਤਾਂਸ਼ (11), ਵਿਕਾਸ (9), ਚੰਚਲੇਸ਼ (8) ਅਤੇ ਸੰਧਿਆ ਭੋਸੋਮ (7) ਵਜੋਂ ਹੋਈ ਹੈ।

ਐੱਸਡੀਐੱਮ ਯਾਦਵ ਨੇ ਕਿਹਾ ਕਿ ਇਹਤਿਆਤ ਵਜੋਂ ਸਥਾਨਕ ਪ੍ਰਸ਼ਾਸਨ ਨੇ ਸੋਮਵਾਰ ਨੂੰ ਕੋਲਡਰਿਫ ਅਤੇ ਇੱਕ ਹੋਰ ਖੰਘ ਦੀ ਦਵਾਈ, ‘ਨੈਕਸਟ੍ਰੋ-ਡੀਐਸ’ ਦੀ ਵਿਕਰੀ ’ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਸੀ। ਕੋਲਡਰਿਫ ਦੀ ਟੈਸਟ ਰਿਪੋਰਟ ਸ਼ਨਿੱਚਰਵਾਰ ਨੂੰ ਆਈ, ਜਦੋਂ ਕਿ ਨੈਕਸਟ੍ਰੋ-ਡੀਐਸ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਸੀ। -ਪੀਟੀਆਈ

Advertisement
×