DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਧੋਪੁਰ ਬੈਰਾਜ: ਤਿੰਨ ਅਧਿਕਾਰੀ ਮੁਅੱਤਲ, ਫਲੱਡ ਗੇਟ ਟੁੱਟਣ ਦੀ ਜਾਂਚ ਦੇ ਹੁਕਮ

ਪੰਜ ਮੈਂਬਰੀ ਉੱਚ ਪੱਧਰੀ ਜਾਂਚ ਕਮੇਟੀ ਬਣਾਈ
  • fb
  • twitter
  • whatsapp
  • whatsapp
featured-img featured-img
ਹੈੱਡਵਰਕਸ ਦੇ ਫਲੱਡ ਗੇਟ ਟੁੱਟਣ ਸਮੇਂ ਦਾ ਫਾਈਲ ਫੋਟੋ। -ਫੋਟੋ:ਐਨ.ਪੀ.ਧਵਨ
Advertisement

ਪੰਜਾਬ ਸਰਕਾਰ ਨੇ ਅੱਜ ਸੂਬੇ ’ਚ ਹੜ੍ਹਾਂ ਦੌਰਾਨ ਮਾਧੋਪੁਰ ਹੈੱਡ ਵਰਕਸ ਦੇ ਤਿੰਨ ਫਲੱਡ ਗੇਟ ਟੁੱਟਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਜਲ ਸਰੋਤ ਵਿਭਾਗ ਪੰਜਾਬ ਦੇ ਸਟੇਟ ਡੈਮ ਸੇਫ਼ਟੀ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਨੇ ਅੱਜ ਮਾਧੋਪੁਰ ਹੈੱਡ ਵਰਕਸ ਦੇ ਫਲੱਡ ਗੇਟਾਂ ਦੇ ਟੁੱਟਣ ਦੇ ਮਾਮਲੇ ਦੀ ਜਾਂਚ ਲਈ ਮਾਹਿਰਾਂ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਜਿਸ ਦੀ ਅਗਵਾਈ ਹਾਈਡਰੋ ਮਕੈਨੀਕਲ ਮਾਹਿਰ ਏ ਕੇ ਬਜਾਜ ਬਤੌਰ ਚੇਅਰਮੈਨ ਕਰਨਗੇ। ਕਮੇਟੀ ’ਚ ਮੈਂਬਰ ਵਜੋਂ ਪ੍ਰਦੀਪ ਕੁਮਾਰ ਗੁਪਤਾ (ਜਿਓਟੈਕਨੀਕਲ ਮਾਹਿਰ), ਸੰਜੀਵ ਸੂਰੀ (ਹਾਈਡ੍ਰੋਲੋਜੀ ਮਾਹਿਰ), ਐੱਨ ਕੇ ਜੈਨ (ਸਿਵਲ ਤੇ ਸਟ੍ਰੱਕਚਰਲ ਮਾਹਿਰ) ਅਤੇ ਵਿਆਸ ਦੇਵ (ਮਕੈਨੀਕਲ ਮਾਹਿਰ) ਨੂੰ ਸ਼ਾਮਲ ਕੀਤਾ ਗਿਆ ਹੈ। ਜਾਂਚ ਦੇ ਹੁਕਮਾਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਲ ਸਰੋਤ ਵਿਭਾਗ ਦੇ ਤਿੰਨ ਅਧਿਕਾਰੀ ਮੁਅੱਤਲ ਕਰ ਦਿੱਤੇ ਹਨ ਤਾਂ ਜੋ ਕਿਸੇ ਵੀ ਤਰ੍ਹਾਂ ਜਾਂਚ ਪ੍ਰਭਾਵਿਤ ਨਾ ਹੋਵੇ। ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਇਸ ਐਕਸ਼ਨ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਦਿੱਤੀ ਸੀ।

ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੁਅੱਤਲ ਕੀਤੇ ਅਧਿਕਾਰੀ ਮਾਧੋਪੁਰ ਹੈੱਡ ਵਰਕਸ ’ਤੇ ਤਾਇਨਾਤ ਸਨ ਅਤੇ ਉਨ੍ਹਾਂ ਨੂੰ ਇਸ ਕਰਕੇ ਮੁਅੱਤਲ ਕੀਤਾ ਗਿਆ ਹੈ ਕਿ ਤਾਂ ਜੋ ਉਹ ਕਿਸੇ ਤਰ੍ਹਾਂ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ। ਮੁਅੱਤਲ ਅਧਿਕਾਰੀਆਂ ’ਚ ਵਿਭਾਗ ਦੇ ਐਕਸੀਅਨ ਨਿਤਿਨ ਸੂਦ, ਐੱਸਡੀਓ ਅਰੁਣ ਕੁਮਾਰ ਅਤੇ ਜੂਨੀਅਰ ਇੰਜਨੀਅਰ ਸਚਿਨ ਠਾਕੁਰ ਸ਼ਾਮਲ ਹਨ। ਪਿਛਲੇ ਦਿਨੀਂ ਜਲ ਸਰੋਤ ਮੰਤਰੀ ਗੋਇਲ ਨੇ ਇੱਕ ਪ੍ਰਾਈਵੇਟ ਕੰਪਨੀ ਖ਼ਿਲਾਫ਼ ਐਕਸ਼ਨ ਲਏ ਜਾਣ ਦੀ ਗੱਲ ਵੀ ਕਹੀ ਸੀ।

Advertisement

ਜਲ ਸਰੋਤ ਵਿਭਾਗ ਦੇ ਨਿਗਰਾਨ ਇੰਜਨੀਅਰ ਗੁਰਪਿੰਦਰ ਸਿੰਘ ਸੰਧੂ ਨੂੰ ਇਸ ਮਾਹਿਰ ਕਮੇਟੀ ਦੀਆਂ ਮੀਟਿੰਗਾਂ ਅਤੇ ਸਬੰਧਤ ਰਿਕਾਰਡ ਮੁਹੱਈਆ ਕਰਾਉਣ ਲਈ ਤਾਇਨਾਤ ਕੀਤਾ ਗਿਆ ਹੈ। ਕਮੇਟੀ ਨੂੰ ਜਲਦ ਤੋਂ ਜਲਦ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਕਮੇਟੀ ਵੱਲੋਂ ਮਾਧੋਪੁਰ ਹੈੱਡ ਵਰਕਸ ਦੇ ਸਮੁੱਚੇ ਢਾਂਚੇ ਦੀ ਹਰ ਨੁਕਤੇ ਤੋਂ ਜਾਂਚ ਕੀਤੀ ਜਾਵੇਗੀ ਅਤੇ ਇਸ ਦੇ ਗੇਟਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਰਾਵੀ ਦਰਿਆ ’ਤੇ ਬਣੇ ਮਾਧੋਪੁਰ ਹੈੱਡ ਵਰਕਸ ਦੇ ਤਿੰਨ ਫਲੱਡ ਗੇਟ 27 ਅਗਸਤ ਨੂੰ ਦੁਪਹਿਰ ਕਰੀਬ ਢਾਈ ਵਜੇ ਰੁੜ੍ਹ ਗਏ ਸਨ। ਅਪਰੇਸ਼ਨ ਸਿੰਧੂਰ ਦੌਰਾਨ ਸਿੰਧੂ ਜਲ ਸੰਧੀ ਨੂੰ ਮੁਅੱਤਲ ਕੀਤੇ ਜਾਣ ਮੌਕੇ ਪਾਕਿਸਤਾਨ ਵੱਲ ਇੱਕ ਬੂੰਦ ਵੀ ਪਾਣੀ ਦੀ ਨਾ ਜਾਣ ਦੀ ਗੱਲ ਕਹੀ ਗਈ ਸੀ। ਉਸ ਵਕਤ ਮਾਧੋਪੁਰ ਹੈੱਡ ਵਰਕਸ ਦੇ 54 ਫਲੱਡ ਗੇਟਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ ਤਾਂ ਜੋ ਪਾਣੀ ਦੀ ਇੱਕ ਬੂੰਦ ਵੀ ਗੇਟਾਂ ’ਚੋਂ ਰਿਸ ਕੇ ਪਾਕਿਸਤਾਨ ਵੱਲ ਨਾ ਸਕੇ। ਹੜ੍ਹਾਂ ਮੌਕੇ ਜਦੋਂ ਮਾਹਿਰਾਂ ਨੇ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੌਰਾਨ ਫਲੱਡ ਗੇਟ ਟੁੱਟਣ ਦਾ ਹਾਦਸਾ ਵਾਪਰ ਗਿਆ।

ਇਸੇ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਫਲੱਡ ਗੇਟ ਟੁੱਟਣ ਦੇ ਮਾਮਲੇ ’ਚ ਮੁੱਖ ਮੰਤਰੀ ਅਤੇ ਜਲ ਸਰੋਤ ਮੰਤਰੀ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਜਾਣਾ ਤਾਂ ਮਹਿਜ਼ ਅੱਖਾਂ ਪੂੰਝਣ ਵਾਲੀ ਕਾਰਵਾਈ ਹੈ।

ਪੌਂਗ ਡੈਮ ’ਚ ਪਾਣੀ ਖਤਰੇ ਦੇ ਨਿਸ਼ਾਨ ਤੋਂ 10 ਫੁੱਟ ਉੱਪਰ

ਚੰਡੀਗੜ੍ਹ (ਵਿਜੈ ਮੋਹਨ): ਹਿਮਾਚਲ ਪ੍ਰਦੇਸ਼ ਵਿੱਚ ਬਿਆਸ ਦਰਿਆ ’ਤੇ ਬਣੇ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਨਿਰਧਾਰਤ ਸਮਰੱਥਾ ਨਾਲੋਂ ਲਗਪਗ 10 ਫੁੱਟ ਉੱਪਰ ਪਹੁੰਚ ਚੁੱਕਾ ਹੈ। ਇਸ ਖੇਤਰ ਵਿੱਚ ਮੌਨਸੂਨ ਦੀ ਵਾਪਸੀ ਰੁਕਣ ਕਾਰਨ ਇਹ ਸਥਿਤੀ ਪੈਦਾ ਹੋਈ ਹੈ। ਇਸ ਦਾ ਕਾਰਨ ਖੇਤਰ ’ਚੋਂ ਮੌਨਸੂਨ ਦੀ ਵਾਪਸੀ ਵਿੱਚ ਦੇਰੀ ਹੋਣਾ ਦੱਸਿਆ ਜਾ ਰਿਹਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ, ਅਗਲੇ ਦੋ-ਤਿੰਨ ਦਿਨਾਂ ਵਿੱਚ ਮੌਨਸੂਨ ਦੀ ਵਾਪਸੀ ਲਈ ਹਾਲਾਤ ਸੁਖਾਵੇਂ ਬਣਦੇ ਜਾ ਰਹੇ ਹਨ। ਆਮ ਤੌਰ ’ਤੇ 20 ਸਤੰਬਰ ਤੱਕ ਅੱਧੇ ਪੰਜਾਬ ’ਚੋਂ ਮੌਨਸੂਨ ਦੀ ਵਾਪਸੀ ਹੋ ਜਾਣੀ ਚਾਹੀਦੀ ਸੀ ਜਦਕਿ 25 ਸਤੰਬਰ ਤੱਕ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚੋਂ ਪੂਰੀ ਤਰ੍ਹਾਂ ਮੌਨਸੂਨ ਦੀ ਵਾਪਸੀ ਹੋ ਜਾਂਦੀ ਹੈ। ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ ਬੀ ਐੱਮ ਬੀ) ਵੱਲੋਂ ਜਾਰੀ ਜਾਣਕਾਰੀ ਅਨੁਸਾਰ ਡੈਮ ਵਿੱਚ ਅੱਜ ਸਵੇਰੇ ਪਾਣੀ ਦਾ ਪੱਧਰ 1,399.93 ਫੁੱਟ ਦਰਜ ਕੀਤਾ ਗਿਆ, ਜਦੋਂ ਕਿ ਇਸ ਦੀ ਵੱਧ ਤੋਂ ਵੱਧ ਸਮਰੱਥਾ 1,390 ਫੁੱਟ ਦੀ ਹੈ। ਹਾਲਾਂਕਿ, ਡੈਮ 1,421 ਫੁੱਟ ਤੱਕ ਪਾਣੀ ਦੇ ਪੱਧਰ ਨੂੰ ਵੀ ਸੰਭਾਲ ਸਕਦਾ ਹੈ। ਡੈਮ ਦੇ ਜਲ ਭੰਡਾਰ ਵਿੱਚ ਪਾਣੀ ਦਾ ਪ੍ਰਵਾਹ 37,192 ਕਿਊਸਿਕ ਸੀ, ਜਦੋਂ ਕਿ ਨਿਕਾਸੀ ਦਾ ਪ੍ਰਵਾਹ 59,789 ਕਿਊਸਿਕ ਸੀ। ਪਿਛਲੇ 10 ਸਾਲਾਂ ਵਿੱਚ, ਸਤੰਬਰ ਵਿੱਚ ਔਸਤ ਨਿਕਾਸੀ ਪ੍ਰਵਾਹ 9,622 ਕਿਊਸਿਕ ਅਤੇ 14,852 ਕਿਊਸਿਕ ਦਰਮਿਆਨ ਰਿਹਾ ਹੈ। ਦੂਜੇ ਪਾਸੇ, ਹਿਮਾਚਲ ਪ੍ਰਦੇਸ਼ ਵਿੱਚ ਸਤਲੁਜ ਦਰਿਆ ’ਤੇ ਬਣੇ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1,677.70 ਫੁੱਟ ਦਰਜ ਕੀਤਾ ਗਿਆ ਜੋ ਡੈਮ ਦੀ ਵੱਧ ਤੋਂ ਵੱਧ ਸਮਰੱਥਾ 1,680 ਫੁੱਟ ਤੋਂ ਦੋ ਫੁੱਟ ਤੋਂ ਹੇਠਾਂ ਹੈ।

Advertisement
×