Lynching: ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿੱਚ ਦਲਿਤ ਵਿਅਕਤੀ ਦਾ ਹਜੂਮੀ ਕਤਲ
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚਲੇ ਇੱਕ ਪਿੰਡ ਦੇ ਵਸਨੀਕਾਂ ਨੇ ਇੱਕ ਦਲਿਤ ਵਿਅਕਤੀ ਨੂੰ ਚੋਰ ਸਮਝ ਕੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲੀਸ ਨੇ ਸੋਮਵਾਰ ਨੂੰ ਦੱਸਿਆ ਕਿ ਇੱਕ 40 ਸਾਲਾ ਦਲਿਤ ਵਿਅਕਤੀ ਨੂੰ ਕਥਿਤ ਤੌਰ ’ਤੇ ਪਿੰਡ...
ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚਲੇ ਇੱਕ ਪਿੰਡ ਦੇ ਵਸਨੀਕਾਂ ਨੇ ਇੱਕ ਦਲਿਤ ਵਿਅਕਤੀ ਨੂੰ ਚੋਰ ਸਮਝ ਕੇ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਮਾਰ ਦਿੱਤਾ। ਪੁਲੀਸ ਨੇ ਸੋਮਵਾਰ ਨੂੰ ਦੱਸਿਆ ਕਿ ਇੱਕ 40 ਸਾਲਾ ਦਲਿਤ ਵਿਅਕਤੀ ਨੂੰ ਕਥਿਤ ਤੌਰ ’ਤੇ ਪਿੰਡ ਵਾਸੀਆਂ ਨੇ ਰਾਤ ਦੇ ਪਹਿਰੇ ਦੌਰਾਨ ਚੋਰ ਸਮਝ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਹ ਘਟਨਾ ਉਨ੍ਹਾਂ ਅਫਵਾਹਾਂ ਦਰਮਿਆਨ ਵਾਪਰੀ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਇੱਕ ਗਰੋਹ ਡਕੈਤੀਆਂ ਲਈ ਘਰਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਡਰੋਨ ਦੀ ਵਰਤੋਂ ਕਰ ਰਿਹਾ ਹੈ।
ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ’ਚ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕਥਿਤ ਲਾਪ੍ਰਵਾਹੀ ਵਰਤਣ ਦੇ ਦੋਸ਼ ਹੇਠ ਤਿੰਨ ਪੁਲੀਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਸਬੰਧ ਦਲਿਤਾਂ ਅਤੇ ਪੱਛੜੀਆਂ ਜਾਤੀਆਂ ਸਮੇਤ ਵੱਖ ਵੱਖ ਸਮਾਜਿਕ ਪਿਛੋਕੜਾਂ ਨਾਲ ਹੈ। ਮ੍ਰਿਤਕ ਦੀ ਪਛਾਣ ਫਤਹਿਪੁਰ ਜ਼ਿਲ੍ਹੇ ਦੇ ਵਸਨੀਕ ਹਰੀਓਮ ਵਜੋਂ ਹੋਈ ਹੈ। ਪੁਲੀਸ ਅਨੁਸਾਰ ਊਂਚਾਹਾਰ ਥਾਣਾ ਖੇਤਰ ਦੇ ਇਕ ਪਿੰਡ ਦੇ ਲੋਕ ਰਾਤ ਨੂੰ ਪਹਿਰੇਦਾਰੀ ਕਰ ਰਹੇ ਹਨ। ਕੁਝ ਪਿੰਡ ਵਾਸੀਆਂ ਨੇ ਇੱਕ ਵਿਅਕਤੀ ਨੂੰ ਜਮੁਨਾਪੁਰ ਚੌਰਾਹੇ ਨੇੜੇ ਘੁੰਮਦਿਆਂ ਦੇਖਿਆ ਤਾਂ ਉਨ੍ਹਾਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉਸ ਤੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਜਦੋਂ ਪੀੜਤ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਾ ਦੇ ਸਕਿਆ ਤਾਂ ਪਿੰਡ ਵਾਸੀਆਂ ਨੇ ਕਥਿਤ ਤੌਰ ’ਤੇ ਉਸ ਨੂੰ ਚੋਰ ਸਮਝ ਕੇ ਬੇਰਹਿਮੀ ਨਾਲ ਕੁੱਟਿਆ। ਚਸ਼ਮਦੀਦਾਂ ਨੇ ਪੁਲੀਸ ਨੂੰ ਦੱਸਿਆ ਕਿ ਭੀੜ ਪੀੜਤ ਨੂੰ ਈਸ਼ਵਰਦਾਸਪੁਰ ਰੇਲਵੇ ਸਟੇਸ਼ਨ ਲੈ ਗਈ ਅਤੇ ਉਸ ਨੂੰ ਉੱਥੇ ਗੰਭੀਰ ਜ਼ਖ਼ਮੀ ਹਾਲਤ ਵਿੱਚ ਛੱਡ ਗਈ। ਪੁਲੀਸ ਅਨੁਸਾਰ ਵੀਰਵਾਰ ਸਵੇਰੇ ਪਿੰਡ ਵਾਸੀਆਂ ਨੂੰ ਉਸ ਦੀ ਲਾਸ਼ ਰੇਲਵੇ ਟਰੈਕ ਨੇੜੇ ਪਈ ਮਿਲੀ।