ਦਿੱਲੀ ਦੇ ਲਾਲ ਕਿਲੇ ਨੇੜੇ ਹੋਏ ਧਮਾਕੇ ਦੇ ਮਾਮਲੇ ਦੀ ਜਾਂਚ ਤਹਿਤ ਐੱਨ ਆਈ ਏ ਦੀ ਟੀਮ ਨੇ ਅੱਜ ਲੁਧਿਆਣੇ ਦੇ ਡਾਕਟਰ ਜਾਨ ਨਿਸਾਰ ਆਲਮ ਤੋਂ ਪੁੱਛ-ਪੜਤਾਲ ਕੀਤੀ ਹੈ। ਇਹ ਜਾਂਚ ਅਲ ਫਲਾਹ ਯੂਨੀਵਰਸਿਟੀ ਨਾਲ ਜੁੜੇ ਅਤਿਵਾਦੀ ਮੌਡਿਊਲ ਸਬੰਧੀ ਕੀਤੀ ਜਾ ਰਹੀ ਹੈ, ਜਿਸ ਵਿੱਚ ਕੌਮੀ ਜਾਂਚ ਏਜੰਸੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ ਦੀ ਵੀ ਜਾਂਚ ਕਰ ਰਹੀ ਹੈ।
ਜਾਂਚ ਦੌਰਾਨ ਜਦੋਂ ਡਾ. ਆਲਮ ਦਾ ਨਾਮ ਸਾਹਮਣੇ ਆਇਆ ਤਾਂ ਪਤਾ ਲੱਗਾ ਕਿ ਉਹ ਪੱਛਮੀ ਬੰਗਾਲ ਵਿੱਚ ਹਨ। ਐੱਨ ਆਈ ਏ ਦੀ ਟੀਮ ਨੇ ਉਨ੍ਹਾਂ ਨੂੰ ਉੱਥੋਂ ਹੀ ਹਿਰਾਸਤ ਵਿੱਚ ਲੈ ਕੇ ਪੁੱਛ-ਪੜਤਾਲ ਕੀਤੀ, ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਡਾ. ਆਲਮ ਬਸਤੀ ਜੋਧੇਵਾਲ ਦੇ ਬਾਲ ਸਿੰਘ ਨਗਰ ਇਲਾਕੇ ਵਿੱਚ ਕਲੀਨਿਕ ਚਲਾਉਂਦੇ ਹਨ। ਉਹ ਆਪਣੇ ਚਾਚੇ ਦੀ ਧੀ ਦੇ ਵਿਆਹ ਲਈ ਪੱਛਮੀ ਬੰਗਾਲ ਗਏ ਹੋਏ ਸਨ।
ਲੁਧਿਆਣਾ ਵਿੱਚ ਖੁਫੀਆ ਵਿਭਾਗ ਦੀ ਟੀਮ ਨੇ ਦੋ ਦਿਨ ਪਹਿਲਾਂ ਉਨ੍ਹਾਂ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਪਿਤਾ ਤੌਹੀਦ ਆਲਮ ਤੋਂ ਪੁੱਛ-ਪੜਤਾਲ ਕੀਤੀ ਸੀ। ਤੌਹੀਦ ਆਲਮ ਨੇ ਦੱਸਿਆ ਕਿ ਉਨ੍ਹਾਂ ਨੇ ਟੀਮ ਨੂੰ ਪੂਰੀ ਜਾਣਕਾਰੀ ਦਿੱਤੀ ਸੀ ਅਤੇ ਉਨ੍ਹਾਂ ਦਾ ਪਰਿਵਾਰ ਜਾਂਚ ਏਜੰਸੀਆਂ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰੇਗਾ; ਡਾ. ਆਲਮ ਨੇ 2020 ਵਿੱਚ ਅਲ ਫਲਾਹ ਯੂਨੀਵਰਸਿਟੀ ਤੋਂ ਐੱਮ ਬੀ ਬੀ ਐੱਸ ਦੀ ਪੜ੍ਹਾਈ ਪੂਰੀ ਕੀਤੀ ਸੀ। ਸੂਤਰਾਂ ਅਨੁਸਾਰ ਐੱਨ ਆਈ ਏ ਦੀ ਟੀਮ ਡਾ. ਆਲਮ ਦੇ ਲੁਧਿਆਣਾ ਪਹੁੰਚਣ ’ਤੇ ਉਨ੍ਹਾਂ ਤੋਂ ਦੁਬਾਰਾ ਪੁੱਛ-ਪੜਤਾਲ ਕਰ ਸਕਦੀ ਹੈ। ਇਸ ਦੌਰਾਨ ਸਥਾਨਕ ਪੁਲੀਸ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਨਜ਼ਰ ਰੱਖ ਰਹੀ ਹੈ।
ਕਸ਼ਮੀਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼
ਨਵੀਂ ਦਿੱਲੀ: ਜੰਮੂ ਕਸ਼ਮੀਰ ਵਿਦਿਆਰਥੀ ਐਸੋਸੀਏਸ਼ਨ (ਜੇ ਕੇ ਐੱਸ ਏ) ਅੱਜ ਦੋਸ਼ ਲਾਇਆ ਕਿ ਦਿੱਲੀ ’ਚ ਲਾਲ ਕਿਲੇ ਨੇੜੇ ਹੋਏ ਧਮਾਕੇ ਮਗਰੋਂ ਉੱਤਰੀ ਰਾਜਾਂ ’ਚ ਕਸ਼ਮੀਰੀ ਵਿਦਿਆਰਥੀਆਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਕੱਢਿਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਥੇਬੰਦੀ ਨੇ ਪ੍ਰਧਾਨ ਮੰਤਰੀ ਨੂੰ ਭਾਈਚਾਰੇ ਨੂੰ ‘ਬਦਨਾਮ’ ਹੋਣ ਤੋਂ ਰੋਕਣ ਲਈ ਜਨਤਕ ਤੌਰ ’ਤੇ ਦਖਲ ਦੇਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਕੌਮੀ ਕਨਵੀਨਰ ਨਾਸਿਰ ਖੁਏਹਾਮੀ ਨੇ ਕਿਹਾ ਕਿ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ ਜਿਹੇ ਰਾਜਾਂ ਦੀਆਂ ਯੂਨੀਵਰਸਿਟੀਆਂ ਤੇ ਇਲਾਕਿਆਂ ’ਚ ਕਸ਼ਮੀਰੀ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਸ਼ਮੀਰੀ ਵਿਦਿਆਰਥੀ ਭਾਰਤ ਦੇ ਲੋਕਤੰਤਰ ਤੇ ਮੁੱਖ ਧਾਰਾ ’ਚ ਯਕੀਨੀ ਰੱਖਦੇ ਹਨ, ਅਤਿਵਾਦ ’ਚ ਨਹੀਂ।

