ਲਖਨਊ ਸ਼ਾਹੀ ਪਕਵਾਨਾਂ ਦੀ ਵਿਰਾਸਤ ਲਈ UNESCO ਦਾ ‘ਰਚਨਾਤਮਕ ਸ਼ਹਿਰ’ ਬਣਿਆ
ਲਖਨਊ ਨੂੰ ਇਸਦੇ ਸ਼ਾਹੀ ਅਤੇ ਵੱਖ ਵੱਖ ਪਕਵਾਨਾਂ ਦੀ ਵਿਰਾਸਤ ਲਈ UNESCO ਦੇ ‘ਰਚਨਾਤਮਕ ਸ਼ਹਿਰਾਂ’ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। UNESCO ਦੀ ਡਾਇਰੈਕਟਰ-ਜਨਰਲ ਔਡਰੇ ਅਜ਼ੂਲੇ ਨੇ 58 ਸ਼ਹਿਰਾਂ ਨੂੰ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (UNESCO)...
UNESCO ਦੀ ਡਾਇਰੈਕਟਰ-ਜਨਰਲ ਔਡਰੇ ਅਜ਼ੂਲੇ ਨੇ 58 ਸ਼ਹਿਰਾਂ ਨੂੰ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (UNESCO) ਰਚਨਾਤਮਕ ਸ਼ਹਿਰਾਂ ਦੇ ਨੈੱਟਵਰਕ ਦੇ ਨਵੇਂ ਮੈਂਬਰਾਂ ਵਜੋਂ ਨਾਮਜ਼ਦ ਕੀਤਾ ਹੈ, ਜਿਸ ਵਿੱਚ ਹੁਣ 100 ਤੋਂ ਵੱਧ ਦੇਸ਼ਾਂ ਦੇ 408 ਸ਼ਹਿਰ ਸ਼ਾਮਲ ਹਨ।
ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਨੂੰ ‘ਗੈਸਟਰੋਨੋਮੀ’ (ਪਕਵਾਨ ਕਲਾ) ਦੀ ਸ਼੍ਰੇਣੀ ਵਿੱਚ ਮਾਨਤਾ ਦਿੱਤੀ ਗਈ ਹੈ।
UNESCO ਵਿੱਚ ਭਾਰਤ ਦੇ ਸਥਾਈ ਵਫ਼ਦ ਨੇ ਸ਼ੁੱਕਰਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਭਾਰਤ ਲਈ ਮਾਣ ਵਾਲਾ ਪਲ ਹੈ। ਲਖਨਊ ਦੀ ਸ਼ਾਹੀ ਪਕਵਾਨਾਂ ਦੀ ਵਿਰਾਸਤ ਨੂੰ ਹੁਣ ਵਿਸ਼ਵ ਪੱਧਰ 'ਤੇ ਮਾਨਤਾ ਮਿਲੀ!”
ਇਸ ਵਿੱਚ ਕਿਹਾ ਗਿਆ, “ਵਿਸ਼ਵ ਸ਼ਹਿਰ ਦਿਵਸ 2025 (30 ਅਕਤੂਬਰ) ’ਤੇ ਲਖਨਊ ਨੂੰ ਗੈਸਟਰੋਨੋਮੀ ਲਈ ਇੱਕ UNESCO ਰਚਨਾਤਮਕ ਸ਼ਹਿਰ ਵਜੋਂ ਨਾਮਜ਼ਦ ਕੀਤਾ ਗਿਆ ਹੈ, ਜੋ UNESCO ਰਚਨਾਤਮਕ ਸ਼ਹਿਰਾਂ ਦੇ ਨੈੱਟਵਰਕ (UCCN) ਵਿੱਚ ਸ਼ਾਮਲ ਕੀਤੇ ਗਏ 58 ਨਵੇਂ ਸ਼ਹਿਰਾਂ ਵਿੱਚੋਂ ਇੱਕ ਹੈ। UCCN, ਜਿਸ ਵਿੱਚ ਹੁਣ 100 ਤੋਂ ਵੱਧ ਦੇਸ਼ਾਂ ਦੇ 408 ਸ਼ਹਿਰ ਹਨ, ਸਥਾਈ ਸ਼ਹਿਰੀ ਵਿਕਾਸ ਦੇ ਮੁੱਖ ਚਾਲਕਾਂ ਵਜੋਂ ਰਚਨਾਤਮਕਤਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਦਾ ਹੈ।”
ਜ਼ਿਕਰਯੋਗ ਹੈ ਕਿ ਲਖਨਊ ਆਪਣੇ ਸ਼ਾਹੀ ਅਤੇ ਰਵਾਇਤੀ ਗੋਰਮੇਟ ਭੋਜਨ ਲਈ ਮਸ਼ਹੂਰ ਹੈ, ਜਿਸ ਵਿੱਚ ਪ੍ਰਸਿੱਧ ਸਟ੍ਰੀਟ ਫੂਡ ‘ਚਾਟ’ ਤੋਂ ਲੈ ਕੇ ਪਕਵਾਨ ਅਤੇ ਸੁਆਦੀ ਮਿਠਾਈਆਂ ਸ਼ਾਮਲ ਹਨ। ਪੀਟੀਆਈ

