LS-RS Adjourned: ਵਿਰੋਧੀ ਧਿਰ ਦੇ ਹੰਗਾਮੇ ਕਾਰਨ ਸੰਸਦ ਦੇ ਦੋਵੇਂ ਸਦਨ ਬੁੱਧਵਾਰ ਤੱਕ ਉਠਾਏ
Proceedings of both houses of Parliament adjourned till Wednesday amid Oppn bid to raise Adani bribery issue
Advertisement
ਨਵੀਂ ਦਿੱਲੀ, 25 ਨਵੰਬਰ
Day 1 of Winter Session: ਵਿਰੋਧੀ ਧਿਰ ਵੱਲੋਂ ਵੱਖ-ਵੱਖ ਮੁੱਦਿਆਂ ਖ਼ਾਸਕਰ ਅਡਾਨੀ ਰਿਸ਼ਵਤਖੋਰੀ ਮਾਮਲੇ ਅਤੇ ਯੂਪੀ ਦੇ ਸੰਭਲ ਤੇ ਮਨੀਪੁਰ ਹਿੰਸਾ ਨੂੰ ਲੈ ਕੇ ਸੋਮਵਾਰ ਨੂੰ ਸੰਸਦ ਦੇ ਦੋਵੇਂ ਸਦਨਾਂ - ਲੋਕ ਸਭਾ ਤੇ ਰਾਜ ਸਭਾ ਵਿਚ ਕੀਤੇ ਗਏ ਹੰਗਾਮੇ ਦਰਮਿਆਨ ਦੋਵੇਂ ਸਦਨਾਂ ਦੀ ਕਾਰਵਾਈ ਕੋਈ ਖ਼ਾਸ ਕੰਮ-ਕਾਜ ਕੀਤੇ ਬਿਨਾਂ ਬੁੱਧਵਾਰ 27 ਨਵੰਬਰ ਤੱਕ ਉਠਾ ਦਿੱਤੀ ਗਈ ਹੈ। ਅੱਜ ਸੰਸਦ ਦੇ ਸਰਦ ਰੁੱਤ ਸੈਸ਼ਨ ਦਾ ਪਹਿਲਾ ਦਿਨ ਸੀ।
ਰਾਜ ਸਭਾ ਦੀ ਕਾਰਵਾਈ ਸੋਮਵਾਰ ਨੂੰ ਉਦੋਂ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ ਜਦੋਂ ਕਾਂਗਰਸ ਦੀ ਅਗਵਾਈ ਵਿਚ ਵਿਰੋਧੀ ਪਾਰਟੀਆਂ ਨੇ ਅਡਾਨੀ ਸਮੂਹ ਦੇ ਸੰਸਥਾਪਕ ਚੇਅਰਮੈਨ ਗੌਤਮ ਅਡਾਨੀ ਉਤੇ ਲੱਗੇ ਰਿਸ਼ਵਤ ਦੇਣ ਕਥਿਤ ਮਾਮਲੇ ਵਿਚ ਅਮਰੀਕੀ ਅਦਾਲਤ ਵਿੱਚ ਦੋਸ਼ ਲਾਏ ਜਾਣ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ। ਇਸੇ ਤਰ੍ਹਾਂ ਲੋਕ ਸਭਾ ਵੀ ਜਦੋਂ ਦੁਪਹਿਰ ਵੇਲੇ ਜੁੜੀ ਤਾਂ ਵਿਰੋਧੀ ਧਿਰ ਦੇ ਮੈਂਬਰ ਉੱਤਰ ਪ੍ਰਦੇਸ਼ ਦੇ ਸੰਭਲ ਵਿੱਚ ਹੋਈ ਹਿੰਸਾ ਨੂੰ ਲੈ ਕੇ ਨਾਅਰੇਬਾਜ਼ੀ ਕਰਦੇ ਹੋਏ ਅਤੇ ਇੱਕ ਅਮਰੀਕੀ ਅਦਾਲਤ ਵਿੱਚ ਉੱਘੇ ਕਾਰੋਬਾਰੀ ਅਡਾਨੀ ਵਿਰੁੱਧ ਲਗਾਏ ਗਏ ਦੋਸ਼ਾਂ ਦੀ ਜਾਂਚ ਦੀ ਮੰਗ ਕਰਦੇ ਸੁਣੇ ਗਏ। ਇਸ ਮੌਕੇ ਸਦਨ ਦੀ ਕਾਰਵਾਈ ਚਲਾ ਰਹੇ ਭਾਜਪਾ ਮੈਂਬਰ ਸੰਧਿਆ ਰੇਅ ਨੇ ਪੁੱਛਿਆ ਕਿ ਕੀ ਮੈਂਬਰ ਸਦਨ ਦੀ ਕਾਰਵਾਈ ਚੱਲਣ ਦੇਣ ਦੇ ਇੱਛੁਕ ਨਹੀਂ ਹਨ।
ਇਸ ਤੋਂ ਬਾਅਦ ਉਨ੍ਹਾਂ ਬੁੱਧਵਾਰ ਤੱਕ ਕਾਰਵਾਈ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ, ਇਸ ਸਾਲ ਸੰਸਦੀ ਚੋਣਾਂ ਜਿੱਤਣ ਵਾਲੇ ਦੋ ਸੰਸਦ ਮੈਂਬਰਾਂ ਸਮੇਤ ਵਿਛੜੇ ਮੈਂਬਰਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ।
ਗ਼ੌਰਤਲਬ ਹੈ ਕਿ ਮੰਗਲਵਾਰ ਨੂੰ ਸੰਸਦ ਦਾ ਸੰਵਿਧਾਨ ਸਭਾ ਦੁਆਰਾ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ਦੇ ਸਾਲ ਭਰ ਚੱਲਣ ਵਾਲੇ ਜਸ਼ਨਾਂ ਦੀ ਸ਼ੁਰੂਆਤ ਕਰਨ ਲਈ ਦੇ ਸੈਂਟਰਲ ਹਾਲ ਭਾਵ ਸੰਵਿਧਾਨ ਸਦਨ ਵਿੱਚ ਇੱਕ ਵਿਸ਼ੇਸ਼ ਸਮਾਗਮ ਕੀਤਾ ਜਾਵੇਗਾ।
ਰਾਜ ਸਭਾ ਵਿਚ ਚੇਅਰਮੈਨ ਜਗਦੀਪ ਧਨਖੜ ਨੇ ਸਦਨ ਦੀ ਮੇਜ਼ 'ਤੇ ਸੂਚੀਬੱਧ ਕੰਮ-ਕਾਜ ਬਾਰੇ ਕਾਗਜ਼ ਰੱਖੇ ਜਾਣ ਅਤੇ ਚਲਾਣਾ ਕਰ ਗਏ ਸਾਬਕਾ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਦਿੱਤੇ ਜਾਣ ਤੋਂ ਫ਼ੌਰੀ ਬਾਅਦ ਨਿਯਮ 267 ਦੇ ਤਹਿਤ ਭੇਜੇ ਗਏ 13 ਨੋਟਿਸਾਂ ਨੂੰ ਰੱਦ ਕਰ ਦਿੱਤਾ, ਜਿਨ੍ਹਾਂ ਵਿੱਚ ਸੱਤ ਨੋਟਿਸ 26.5 ਕਰੋੜ ਅਮਰੀਕੀ ਡਾਲਰ ਦੀ ਰਿਸ਼ਵਤ ਦੇ ਕਥਿਤ ਭੁਗਤਾਨ ਬਾਰੇ ਅਮਰੀਕੀ ਦੋਸ਼ਾਂ ਉਤੇ ਚਰਚਾ ਕਰਨ ਦੀ ਮੰਗ ਨਾਲ ਸਬੰਧਤ ਸਨ।
ਇਹ ਵੀ ਪੜ੍ਹੋ:
ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਜੋ ਕਿ ਅਡਾਨੀ ਰਿਸ਼ਵਤ ਦੇ ਮੁੱਦੇ 'ਤੇ ਚਰਚਾ ਕਰਨ ਦੀ ਮੰਗ ਕਰਨ ਵਾਲੇ ਸੱਤ ਮੈਂਬਰਾਂ ਵਿੱਚ ਸ਼ਾਮਲ ਸਨ, ਨੇ ਕਿਹਾ ਕਿ ਜੇ ਸੂਚੀਬੱਧ ਕੰਮ-ਕਾਜ ਨੂੰ ਮੁਅੱਤਲ ਕਰ ਦਿੱਤਾ ਜਾਵੇ ਤਾਂ ਵਿਰੋਧੀ ਪਾਰਟੀਆਂ ਇਹ ਬਿਆਨ ਕਰ ਸਕਦੀਆਂ ਹਨ ਕਿ ਕਿਵੇਂ ਇਹ ‘ਬਹੁਤ ਅਹਿਮ’ ਮੁੱਦਾ ਪੂਰੇ ਦੇਸ਼ ਨੂੰ ਪ੍ਰਭਾਵਤ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਸ਼ਵ ਪੱਧਰ ’ਤੇ ਦੇਸ਼ ਦਾ ਅਕਸ ਖਰਾਬ ਹੋਇਆ ਹੈ ਅਤੇ ਫਿਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਦਾ ਸਮਰਥਨ ਕਰ ਰਹੇ ਹਨ।
ਇਸ 'ਤੇ ਧਨਖੜ ਨੇ ਆਦੇਸ਼ ਦਿੱਤਾ ਕਿ ਖੜਗੇ ਜੋ ਵੀ ਕਹਿ ਰਹੇ ਹਨ, ਉਹ ਰਿਕਾਰਡ ਨਾ ਕੀਤਾ ਜਾਵੇ। ਕਾਂਗਰਸ ਅਤੇ ਖੱਬੀਆਂ ਪਾਰਟੀਆਂ ਨੇ ਚਰਚਾ ਲਈ ਜ਼ੋਰ ਦਿੱਤੇ ਜਾਣ ਅਤੇ ਮੈਂਬਰਾਂ ਦੇ ਹੰਗਾਮੇ ਕਾਰਨ ਕਾਰਵਾਈ 15 ਮਿੰਟ ਲਈ ਮੁਲਤਵੀ ਕਰ ਦਿੱਤੀ ਗਈ। ਜਦੋਂ ਸਦਨ 11.45 ਵਜੇ ਦੁਬਾਰਾ ਜੁੜਿਆ ਤਾਂ ਚੇਅਰਮੈਨ ਨੇ ਕਿਹਾ ਕਿ ਉਹ ਸਦਨ ਦੇ ਮੈਂਬਰਾਂ ਲਈ ਸਭ ਤੋਂ ਵੱਧ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਨੂੰ ਸੂਚੀਬੱਧ ਕੰਮਕਾਜ ਨੂੰ ਜਾਰੀ ਰੱਖਣ ਦੇਣ ਦੀ ਅਪੀਲ ਕੀਤੀ। ਪਰ ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੂੰ ਵੱਖ-ਵੱਖ ਮਾਮਲੇ ਉਠਾਉਂਦਿਆਂ ਸੁਣਿਆ ਗਿਆ। ਇਸ ਤੋਂ ਬਾਅਦ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ।
ਨਿਯਮ 267 ਦੇ ਅਧੀਨ ਹੋਰ ਨੋਟਿਸਾਂ ਵਿੱਚ ਮਨਪੁਰ ਵਿੱਚ ਜਾਰੀ ਹਿੰਸਾ, ਯੂਪੀ ਦੇ ਸੰਭਲ ਜ਼ਿਲ੍ਹੇ ਵਿੱਚ ਹਿੰਸਕ ਝੜਪਾਂ ਅਤੇ ਹੜ੍ਹਾਂ ਲਈ ਵਿਸ਼ੇਸ਼ ਸਹਾਇਤਾ ਨਾਲ ਸਬੰਧਤ ਉਠਾਏ ਜਾਣ ਵਾਲੇ ਮੁੱਦਿਆਂ 'ਤੇ ਚਰਚਾ ਕਰਨ ਲਈ ਸਦਨ ਦੇ ਸੂਚੀਬੱਧ ਕੰਮਕਾਜ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ ਗਈ ਸੀ। ਗ਼ੌਰਤਲਬ ਹੈ ਕਿ ਅਡਾਨੀ ਸਮੂਹ ਨੇ ਅਮਰੀਕਾ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਉਨ੍ਹਾਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ। -ਪੀਟੀਆਈ
Advertisement
Advertisement
×