ਸ਼ਰਾਬ ਘੁਟਾਲਾ: ਈਡੀ ਵੱਲੋਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਵਿਚ ਛਾਪਾ
ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਅੱਜ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਵਿਰੁੱਧ ਮਨੀ ਲਾਂਡਰਿੰਗ ਦੀ ਜਾਂਚ ਨਾਲ ਜੁੜੇ ਕਥਿਤ ਸ਼ਰਾਬ ਘੁਟਾਲੇ ਨੂੰ ਲੈ ਕੇ ਉਨ੍ਹਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ। ਈਡੀ ਨੇ ਬਘੇਲ ਦੇ ਭਿਲਾਈ ਟਾਊਨ ਵਿਚਲੇ ਘਰ ’ਚ ਦਸਤਕ ਦਿੱਤੀ, ਜਿੱਥੇ ਬਘੇਲ ਆਪਣੇ ਪੁੱਤ ਨਾਲ ਰਹਿੰਦੇ ਹਨ। ਸੂਤਰਾਂ ਨੇ ਕਿਹਾ ਕਿ ਇਸ ਕੇਸ ਵਿਚ ਨਵੇਂ ਸਬੂਤ ਸਾਹਮਣੇ ਆਉਣ ਮਗਰੋਂ ਪੀਐੱਮਐੱਲਏ ਤਹਿਤ ਛਾਪੇ ਮਾਰੇ ਗਏ ਹਨ।
ਸੂਤਰਾਂ ਨੇ ਦੱਸਿਆ ਕਿ ਇਹ ਛਾਪੇ ਚੈਤਨਿਆ ਬਘੇਲ ਵਿਰੁੱਧ ਸੀ, ਜਿਸ ਤੋਂ ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਛਾਪੇ ਦੌਰਾਨ ਘਰ ਦੇ ਬਾਹਰ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਦੇਖੇ ਗਏ। ਹਾਲਾਂਕਿ ਇਸ ਦੌਰਾਨ ਕੁਝ ਪਾਰਟੀ ਸਮਰਥਕ ਵੀ ਇਕੱਠੇ ਹੋ ਗਏ। ਇਸ ਤੋਂ ਪਹਿਲਾਂ ਸੰਘੀ ਜਾਂਚ ਏਜੰਸੀ ਨੇ 10 ਮਾਰਚ ਨੂੰ ਚੈਤਨਿਆ ਬਘੇਲ ਵਿਰੁੱਧ ਇਸੇ ਤਰ੍ਹਾਂ ਦੇ ਛਾਪੇ ਮਾਰੇ ਸਨ।
ਉਧਰ ਸੀਨੀਅਰ ਕਾਂਗਰਸੀ ਆਗੂ ਭੁਪੇਸ਼ ਬਘੇਲ ਨੇ X ’ਤੇ ਇੱਕ ਪੋਸਟ ਵਿਚ ਕਿਹਾ ਕਿ ਈਡੀ ਨੇ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਉਨ੍ਹਾਂ ਦੇ ਘਰ ਦਸਤਕ ਦਿੱਤੀ ਹੈ ਜਦੋਂ ਰਾਏਗੜ੍ਹ ਜ਼ਿਲ੍ਹੇ ਦੀ ਤਾਮਨਾਰ ਤਹਿਸੀਲ ਵਿੱਚ ਅਡਾਨੀ ਸਮੂਹ ਦੇ ਕੋਲਾ ਖਾਣ ਪ੍ਰੋਜੈਕਟ ਲਈ ਕੱਟੇ ਜਾ ਰਹੇ ਦਰੱਖਤਾਂ ਦਾ ਮੁੱਦਾ ਉਠਾਇਆ ਜਾਣਾ ਸੀ।
ਬਘੇਲ ਨੇ ਕਿਹਾ, ‘‘ਜਿਸ ਤਰ੍ਹਾਂ ਦੇ ਜਨਮਦਿਨ ਦੇ ਤੋਹਫ਼ੇ ਮੋਦੀ ਅਤੇ ਸ਼ਾਹ ਜੀ ਦਿੰਦੇ ਹਨ, ਉਹ ਦੁਨੀਆਂ ਦੇ ਕਿਸੇ ਵੀ ਲੋਕਤੰਤਰ ਵਿੱਚ ਕੋਈ ਨਹੀਂ ਦੇ ਸਕਦਾ। ਮੇਰੇ ਜਨਮਦਿਨ 'ਤੇ, ਦੋਵਾਂ ਸਭ ਤੋਂ ਸਤਿਕਾਰਤ ਨੇਤਾਵਾਂ ਨੇ ਮੇਰੇ ਸਲਾਹਕਾਰ ਅਤੇ ਦੋ ਓਐਸਡੀ ਦੇ ਘਰਾਂ ’ਤੇ ਈਡੀ ਭੇਜੀ। ਅਤੇ ਹੁਣ ਮੇਰੇ ਪੁੱਤਰ ਚੈਤਨਿਆ ਦੇ ਜਨਮਦਿਨ ’ਤੇ, ਈਡੀ ਦੀ ਟੀਮ ਮੇਰੇ ਘਰ ਛਾਪਾ ਮਾਰ ਰਹੀ ਹੈ। ਇਨ੍ਹਾਂ ਤੋਹਫ਼ਿਆਂ ਲਈ ਧੰਨਵਾਦ। ਮੈਂ ਉਨ੍ਹਾਂ ਨੂੰ ਜ਼ਿੰਦਗੀ ਭਰ ਯਾਦ ਰੱਖਾਂਗਾ।’’