ਸ਼ਰਾਬ ਘੁਟਾਲਾ: ਈਡੀ ਵੱਲੋਂ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦਾ ਪੁੱਤਰ ਚੈਤੰਨਿਆ ਬਘੇਲ ਗ੍ਰਿਫ਼ਤਾਰ, ਕੋਰਟ ਨੇ ਪੰਜ ਦਿਨਾ ਰਿਮਾਂਡ ’ਤੇ ਭੇਜਿਆ
ਐੱਨਫੋਰਸਮੈਂਟ ਡਾਇਰੈਕਟੋਰੇਟ (ED) ਨੇ 2100 ਕਰੋੜ ਰੁਪਏ ਦੇ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚੈਤੰਨਿਆ ਬਘੇਲ ਨੂੰ ਪੀਐੱਮਐੱਲਏ ਕੋਰਟ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਪੰਜ ਦਿਨਾਂ ਲਈ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ ਗਿਆ।
ਈਡੀ ਨੇ ਰਸਮੀ ਗ੍ਰਿਫ਼ਤਾਰੀ ਤੋਂ ਪਹਿਲਾਂ ਚੈਤੰਨਿਆ ਬਘੇਲ ਦੀ ਭਿਲਾਈ ਸਥਿਤ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਭੁਪੇਸ਼ ਬਘੇਲ ਵੀ ਇਸੇ ਰਿਹਾਇਸ਼ ’ਤੇ ਆਪਣੇ ਪੁੱਤਰ ਨਾਲ ਰਹਿੰਦੇ ਹਨ। ਇਸ ਤੋਂ ਪਹਿਲਾਂ ਵੀ ਸੰਘੀ ਜਾਂਚ ਏਜੰਸੀ ਨੇ 10 ਮਾਰਚ ਨੂੰ ਚੈਤੰਨਿਆ ਬਘੇਲ ਵਿਰੁੱਧ ਇਸੇ ਤਰ੍ਹਾਂ ਦੇ ਛਾਪੇ ਮਾਰੇ ਸਨ।
ਉਧਰ ਭੁਪੇਸ਼ ਬਘੇਲ ਨੇ ਈਡੀ ਦੇ ਛਾਪਿਆਂ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਛਾਪੇ ਅਜਿਹੇ ਮੌਕੇ ਮਾਰੇ ਗਏ ਹਨ ਜਦੋਂ ਵਿਧਾਨ ਸਭਾ ਅਸੈਂਬਲੀ ਦਾ ਅੱਜ ਆਖਰੀ ਦਿਨ ਹੈ। ਭੁਪੇਸ਼ ਬਘੇਲ ਦੇ ਪੁੱਤਰ ਖ਼ਿਲਾਫ਼ ਈਡੀ ਦੀ ਕਾਰਵਾਈ ਦੇ ਰੋਸ ਵਜੋਂ ਕਾਂਗਰਸ ਨੇ ਛੱਤੀਸਗੜ੍ਹ ਵਿਧਾਨ ਸਭਾ ਦੀ ਕਾਰਵਾਈ ਦਾ ਬਾਈਕਾਟ ਕੀਤਾ ਹੈ। ਆਗੂਆਂ ਨੇ ਕਿਹਾ ਕਿ ਏਜੰਸੀ ਵਿਰੋਧੀ ਧਿਰ ਨੂੰ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।