ਸ਼ਰਾਬ ਘੁਟਾਲਾ: ਚੈਤੰਨਿਆ ਬਘੇਲ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ
ਵਿਸ਼ੇਸ਼ ਅਦਾਲਤ ਨੇ ਸੀਨੀਅਰ ਕਾਂਗਰਸੀ ਆਗੂ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ ਚੈਤੰਨਿਆ ਬਘੇਲ ਨੂੰ ਕਥਿਤ ਸ਼ਰਾਬ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਅੱਜ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਈਡੀ ਨੇ ਚੈਤੰਨਿਆ ਨੂੰ 18 ਜੁਲਾਈ ਨੂੰ ਦੁਰਗ ਜ਼ਿਲ੍ਹੇ ਦੇ ਭਿਲਾਈ ਵਿਚਲੀ ਉਸ ਦੀ ਰਿਹਾਇਸ਼ ਤੋਂ ਛਾਪੇ ਦੌਰਾਨ ਗ੍ਰਿਫ਼ਤਾਰ ਕੀਤਾ ਸੀ। ਚੈਤੰਨਿਆ ਇਸ ਘਰ ਵਿਚ ਆਪਣੇ ਪਿਤਾ ਨਾਲ ਰਹਿ ਰਿਹਾ ਸੀ।
ਇਸ ਦੌਰਾਨ ਕਾਂਗਰਸ ਨੇ ਈਡੀ ਦੀ ਇਸ ਕਾਰਵਾਈ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਛੱਤੀਸਗੜ੍ਹ ਸੂਬੇ ਦੇ ਕਈ ਹਿੱਸਿਆਂ ਵਿੱਚ ਸੜਕਾਂ ਜਾਮ ਕੀਤੀਆਂ। ਇਸ ਦੌਰਾਨ ਭੁਪੇਸ਼ ਬਘੇਲ ਨੇ ਦੋਸ਼ ਲਾਇਆ ਕਿ ਛੱਤੀਸਗੜ੍ਹ ਵਿੱਚ ਕੋਲ ਖਾਣਾਂ ਲਈ ਜੰਗਲਾਂ ਦੀ ਨਾਜਾਇਜ਼ ਕਟਾਈ ਤੋਂ ਧਿਆਨ ਭਟਕਾਉਣ ਲਈ ਈਡੀ ਨੇ ਇਹ ਕਾਰਵਾਈ ਕੀਤੀ ਹੈ।
ਕੇਂਦਰੀ ਜਾਂਚ ਏਜੰਸੀ ਦੇ ਵਕੀਲ ਸੌਰਭ ਕੁਮਾਰ ਪਾਂਡੇ ਨੇ ਕਿਹਾ ਕਿ ਮੁਲਜ਼ਮ ਨੂੰ ਈਡੀ ਦੇ ਰਿਮਾਂਡ ਦੀ ਮਿਆਦ ਪੁੱਗਣ ਮਗਰੋਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਦਮਾਰੂਧਰ ਚੌਹਾਨ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਰਿਮਾਂਡ ਦੌਰਾਨ ਚੈਤੰਨਿਆ ਤੋਂ ਪੁੱਛਗਿੱਛ ਕੀਤੀ ਗਈ ਅਤੇ ਉਸ ਅੱਗੇ ਬਿਆਨਾਂ ਅਤੇ ਦਸਤਾਵੇਜ਼ਾਂ ਨੂੰ ਰੱਖਿਆ ਗਿਆ, ਜਿਸ ਦੌਰਾਨ ਉਸ ਨੇ ਕਈ ਥਾਵਾਂ ’ਤੇ ਏਜੰਸੀ ਦੀ ਗੱਲ ਮੰਨੀ। ਉਨ੍ਹਾਂ ਕਿਹਾ ਕਿ ਪੁੱਛ-ਪੜਤਾਲ ਲਈ ਹੋਰ ਕੁਝ ਨਹੀਂ ਬਚਿਆ, ਜਿਸ ਕਰਕੇ ਈਡੀ ਨੇ ਅਦਾਲਤ ਤੋਂ ਉਸ ਦੀ ਨਿਆਂਇਕ ਹਿਰਾਸਤ ਦੀ ਬੇਨਤੀ ਕੀਤੀ। ਕੋਰਟ ਨੇ ਚੈਤੰਨਿਆ ਬਘੇਲ ਨੂੰ 4 ਅਗਸਤ ਤੱਕ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ ਹੈ। ਉਂਝ ਜੇਕਰ ਲੋੜ ਪਈ ਤਾਂ ਏਜੰਸੀ ਅਦਾਲਤ ਦੀ ਇਜਾਜ਼ਤ ਨਾਲ ਉਸ ਤੋਂ ਪੁੱਛ-ਪੜਤਾਲ ਕਰ ਸਕਦੀ ਹੈ। ਈਡੀ ਨੇ ਇੱਕ ਬਿਆਨ ਵਿੱਚ ਦਾਅਵਾ ਕੀਤਾ ਕਿ ਚੈਤੰਨਿਆ ਨੇ ਸੂਬੇ ਵਿੱਚ ਇੱਕ ਸ਼ਰਾਬ ‘ਘੁਟਾਲੇ’ ਤੋਂ 1,000 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਤੇ ਇਸ ਵਿਚੋਂ ਆਪਣੇ ਰੀਅਲ ਅਸਟੇਟ ਪ੍ਰਾਜੈਕਟ ਲਈ 16.7 ਕਰੋੜ ਰੁਪਏ ਦੀ ਵਰਤੋਂ ਕੀਤੀ। ਈਡੀ ਨੇ ਇਸ ਸਾਲ ਜਨਵਰੀ ਵਿੱਚ ਇਸ ਮਾਮਲੇ ਵਿੱਚ ਆਪਣੀ ਜਾਂਚ ਦੀ ਕੜੀ ਵਜੋਂ ਸਾਬਕਾ ਮੰਤਰੀ ਅਤੇ ਕਾਂਗਰਸ ਨੇਤਾ ਕਾਵਾਸੀ ਲਖਮਾ ਤੋਂ ਇਲਾਵਾ ਅਨਵਰ ਧੇਬਰ, ਸਾਬਕਾ ਆਈਏਐੱਸ ਅਧਿਕਾਰੀ ਅਨਿਲ ਟੁਟੇਜਾ, ਭਾਰਤੀ ਦੂਰਸੰਚਾਰ ਸੇਵਾ (ਆਈਟੀਐਸ) ਅਧਿਕਾਰੀ ਅਰੁਣਪਤੀ ਤ੍ਰਿਪਾਠੀ ਅਤੇ ਕੁਝ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।