Light to moderate snow: ਜੰਮੂ-ਕਸ਼ਮੀਰ: ਗੁਲਮਰਗ ਤੇ ਸੋਨਮਰਗ ਵਿੱਚ ਬਰਫਬਾਰੀ
ਸ੍ਰੀਨਗਰ/ਸ਼ਿਮਲਾ, 21 ਜਨਵਰੀ
ਜੰਮੂ ਕਸ਼ਮੀਰ ਦੇ ਗੁਲਮਰਗ ਅਤੇ ਸੋਨਮਰਗ ਵਿਚ ਅੱਜ ਬਰਫ਼ਬਾਰੀ ਹੋਈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੀਆਂ ਕਈ ਉਚੀਆਂ ਥਾਵਾਂ ’ਤੇ 22 ਤੇ 23 ਜਨਵਰੀ ਨੂੰ ਮੀਂਹ ਤੇ ਬਰਫਬਾਰੀ ਹੋਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਹਿਮਾਚਲ ਵਿਚ ਇਸ ਬਰਫਬਾਰੀ ਨਾਲ ਠੰਢ ਹੋਰ ਵਧੇਗੀ।ਮੌਸਮ ਵਿਭਾਗ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਿਮਾਚਲ ਪ੍ਰਦੇਸ਼ ਦੇ ਮੌਸਮ ਵਿਭਾਗ ਦੀ ਜਾਣਕਾਰੀ ਲੈਣ ਤੋਂ ਬਾਅਦ ਹੀ ਉਚੇ ਖੇਤਰਾਂ ਵੱਲ ਜਾਣ। ਮੌਸਮ ਵਿਭਾਗ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ 'ਚ ਬੁੱਧਵਾਰ-ਵੀਰਵਾਰ ਨੂੰ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫਬਾਰੀ ਦੀ ਸੰਭਾਵਨਾ ਹੈ ਜਦਕਿ ਇਸ ਤੋਂ ਬਾਅਦ 27 ਜਨਵਰੀ ਤੱਕ ਮੌਸਮ ਖੁਸ਼ਕ ਰਹੇਗਾ। ਸਥਾਨਕ ਮੌਸਮ ਦਫਤਰ ਨੇ ਦੱਸਿਆ ਕਿ ਹੰਸਾ ਅਤੇ ਕਾਜ਼ਾ ਵਿਚ 2.5 ਸੈਂਟੀਮੀਟਰ ਅਤੇ 0.8 ਸੈਂਟੀਮੀਟਰ ਬਰਫਬਾਰੀ ਹੋਈ। 23 ਜਨਵਰੀ ਨੂੰ ਊਨਾ, ਬਿਲਾਸਪੁਰ, ਹਮੀਰਪੁਰ, ਕਾਂਗੜਾ, ਮੰਡੀ ਅਤੇ ਸ਼ਿਮਲਾ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਗਲੇ ਦੋ ਦਿਨਾਂ ਤੱਕ ਵੱਧ ਤੋਂ ਵੱਧ ਤਾਪਮਾਨ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ ਅਤੇ ਇਸ ਤੋਂ ਬਾਅਦ ਚਾਰ ਤੋਂ ਪੰਜ ਡਿਗਰੀ ਤੱਕ ਡਿੱਗ ਜਾਵੇਗਾ।
ਸ਼ੁੱਕਰਵਾਰ-ਸ਼ਨੀਵਾਰ ਤੜਕੇ ਅਤੇ ਦੇਰ ਰਾਤ ਦੇ ਸਮੇਂ ਦੌਰਾਨ ਨੀਵੀਆਂ ਪਹਾੜੀਆਂ ਅਤੇ ਊਨਾ, ਬਿਲਾਸਪੁਰ, ਹਮੀਰਪੁਰ ਅਤੇ ਮੰਡੀ ਜ਼ਿਲ੍ਹਿਆਂ ਦੇ ਮੈਦਾਨੀ ਇਲਾਕਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਕੁੱਲੂ, ਮੰਡੀ, ਮੰਡੀ ਵਿੱਚ ਕੁਝ ਥਾਵਾਂ ’ਤੇ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਦੂਜੇ ਪਾਸੇ ਜ਼ੋਜਿਲਾ ਵਿੱਚ ਸ੍ਰੀਨਗਰ-ਲੇਹ ਕੌਮੀ ਮਾਰਗ ’ਤੇ ਵੀ ਬਰਫ਼ਬਾਰੀ ਹੋਈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਵੀ ਹਲਕੇ ਮੀਂਹ ਜਾਂ ਬਰਫਬਾਰੀ ਦੀ ਪੇਸ਼ੀਨਗੋਈ ਕੀਤੀ ਹੈ। ਬੱਦਲਵਾਈ ਕਾਰਨ ਵਾਦੀ ਵਿੱਚ ਰਾਤ ਦਾ ਤਾਪਮਾਨ ਵਧ ਗਿਆ। ਮੌਸਮ ਵਿਭਾਗ ਨੇ ਦੱਸਿਆ ਕਿ ਸ੍ਰੀਨਗਰ ਵਿੱਚ ਸੋਮਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ ਇੱਕ ਡਿਗਰੀ ਸੈਲਸੀਅਸ ਰਿਹਾ, ਜੋ ਕਿ ਪਿਛਲੀ ਰਾਤ ਦੇ ਮਨਫੀ 3.2 ਡਿਗਰੀ ਸੈਲਸੀਅਸ ਨਾਲੋਂ ਵੱਧ ਸੀ। ਪਹਿਲਗਾਮ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 2.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਪਿਛਲੀ ਰਾਤ ਇਹ ਮਨਫ਼ੀ 6.4 ਡਿਗਰੀ ਸੈਲਸੀਅਸ ਸੀ। ਇਸੇ ਤਰ੍ਹਾਂ ਗੁਲਮਰਗ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 3.2 ਡਿਗਰੀ, ਕਾਜ਼ੀਗੁੰਡ ਵਿੱਚ ਮਨਫ਼ੀ 1.6, ਪੰਪੋਰ ਸ਼ਹਿਰ ਦੇ ਕੋਨੀਬਲ ਵਿੱਚ ਮਨਫ਼ੀ 0.6, ਕੁਪਵਾੜਾ ਵਿੱਚ 1 ਅਤੇ ਕੋਕਰਨਾਗ ਵਿੱਚ ਮਨਫ਼ੀ 1.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। -ਪੀਟੀਆਈ