ਲੇਹ ਵਿੱਚ ਹਾਲ ਹੀ ’ਚ ਹੋਈ ਹਿੰਸਾ ਦੀ ਨਿਆਂਇਕ ਜਾਂਚ ਦੀ ਮੰਗ ਨੇ ਅੱਜ ਹੋਰ ਜ਼ੋਰ ਫੜ ਲਿਆ। ਇਸ ਹਿੰਸਾ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖ਼ਮੀ ਹੋ ਗਏ ਸਨ। ਦੋ ਤਾਕਤਵਰ ਬੋਧ ਧਾਰਮਿਕ ਸੰਸਥਾਵਾਂ ਅਤੇ ਕਾਰਗਿਲ ਬਾਰ ਐਸੋਸੀਏਸ਼ਨ ਨੇ ਵੀ ਹਿੰਸਾ ਦੀ ਨਿਆਂਇਕ ਜਾਂਚ ਦੀ ਮੰਗ ’ਤੇ ਜ਼ੋਰ ਦਿੱਤਾ ਹੈ। ਲੇਹ ਵਿੱਚ ਜਿੱਥੇ ਹਫ਼ਤੇ ਤੋਂ ਕਰਫ਼ਿਊ ਲੱਗਾ ਹੋਇਆ ਸੀ, ਹੁਣ ਜੀਵਨ ਆਮ ਵਰਗਾ ਹੁੰਦਾ ਪ੍ਰਤੀਤ ਹੋ ਰਿਹਾ ਹੈ। ਅਧਿਕਾਰੀਆਂ ਨੇ ਅੱਜ ਸਾਰਾ ਦਿਨ ਕਰਫ਼ਿਊ ਵਿੱਚ ਢਿੱਲ ਦਿੱਤੀ ਅਤੇ ਹਿਰਾਸਤ ਵਿੱਚ ਲਏ ਗਏ 26 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ।
ਲੱਦਾਖ ਬੋਧ ਐਸੋਸੀਏਸ਼ਨ (ਐੱਲ ਬੀ ਏ) ਅਤੇ ਆਲ ਲੱਦਾਖ ਗੋਂਪਾ ਐਸੋਸੀਏਸ਼ਨ ਨੇ ਇੱਥੇ ਸਾਂਝੀ ਪ੍ਰਾਰਥਨਾ ਸਭਾ ਕੀਤੀ ਅਤੇ 24 ਸਤੰਬਰ ਨੂੰ ਪੁਲੀਸ ਦੀ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਨੌਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਗਾਂਧੀ ਜੈਅੰਤੀ ਮੌਕੇ ਮਹਾਤਮਾ ਗਾਂਧੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਅਰਦਾਸ ਤੋਂ ਬਾਅਦ, ਦੋਹਾਂ ਬੋਧ ਸੰਸਥਾਵਾਂ ਦੇ ਮੈਂਬਰਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ, ਜਿਸ ਵਿੱਚ ਮੰਗ ਕੀਤੀ ਗਈ ਕਿ ਪ੍ਰਦਰਸ਼ਨਕਾਰੀਆਂ ’ਤੇ ਪੁਲੀਸ ਅਤੇ ਨੀਮ ਫੌਜੀ ਬਲਾਂ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਦੀ ਨਿਰਪੱਖ ਨਿਆਂਇਕ ਜਾਂਚ ਕਰਵਾਈ ਜਾਵੇ, ਮਾਰੇ ਗਏ ਵਿਅਕਤੀਆਂ ਦੇ ਆਸ਼ਰਿਤਾਂ ਅਤੇ ਜ਼ਖ਼ਮੀਆਂ ਲਈ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ, ਕਾਰਕੁਨ ਸੋਨਮ ਵਾਂਗਚੁਕ ਨੂੰ ਤੁਰੰਤ ਰਿਹਾਅ ਕੀਤਾ ਜਾਵੇ, ਹਿੰਸਾ ਤੋਂ ਬਾਅਦ ਪੁਲੀਸ ਵੱਲੋਂ ਬਿਨਾ ਕਿਸੇ ਆਧਾਰ ਤੋਂ ਹਿਰਾਸਤ ਵਿੱਚ ਲਏ ਗਏ ਬਾਕੀ ਸਾਰੇ ਵਿਅਕਤੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।
ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਲ ਬੀ ਏ ਦੇ ਪ੍ਰਧਾਨ ਚੇਰਿੰਗ ਦੋਰਜੇ ਨੇ ਦੱਸਿਆ ਕਿ ਸੰਸਥਾ ਦੇ ਕਾਨੂੰਨੀ ਸਲਾਹਕਾਰ ਹਾਜੀ ਗੁਲਾਮ ਮੁਸਤਫਾ ਨੂੰ ਵਾਂਗਚੁਕ ਨੂੰ ਮਿਲਣ ਦੀ ਇਜਾਜ਼ਤ ਮਿਲ ਗਈ ਹੈ। ਦੋਰਜੇ ਜੋ ਕਿ ਸਿਖਰ ਸੰਸਥਾ ਦੇ ਕੋ-ਚੇਅਰਮੈਨ ਵੀ ਹਨ, ਨੇ ਕਿਹਾ ਕਿ ਮੁਸਤਫਾ ਦਿੱਲੀ ਲਈ ਰਵਾਨਾ ਹੋ ਗਏ ਹਨ, ਜਿੱਥੋਂ ਉਹ ਰਾਜਸਥਾਨ ਜਾਣਗੇ। ਪਰਿਵਾਰ ਦੇ ਕੁਝ ਮੈਂਬਰਾਂ ਨੂੰ ਵੀ ਵਾਂਗਚੁਕ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਿੰਸਾ ਤੋਂ ਬਾਅਦ ਹਿਰਾਸਤ ਵਿੱਚ ਲਏ ਗਏ 26 ਵਿਅਕਤੀਆਂ ਨੂੰ ਇੱਕ ਸਥਾਨਕ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ, ਜਦੋਂ ਕਿ ਕਰੀਬ 30 ਹੋਰ ਅਜੇ ਹਿਰਾਸਤ ਵਿੱਚ ਹਨ।
ਇਸੇ ਦੌਰਾਨ ਅਧਿਕਾਰੀਆਂ ਨੇ ਕਿਹਾ ਕਿ ਲੇਹ ਹਿੰਸਾ ਦੀ ਮੈਜਿਸਟਰੇਟੀ ਜਾਂਚ ਚਾਰ ਹਫ਼ਤਿਆਂ ਦੇ ਅੰਦਰ ਪੂਰੀ ਹੋ ਜਾਵੇਗੀ। ਇਸ ਜਾਂਚ ਦੇ ਆਦੇਸ਼ ਲੇਹ ਦੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਗਏ ਸੀ। ਉਨ੍ਹਾਂ ਨੇ ਐੱਸ ਡੀ ਐੱਮ ਨੁਬਰਾ, ਮੁਕੁਲ ਬੇਨੀਵਾਲ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ।
ਡੀਜੀਪੀ ਦੀ ਡੀਪਫੇਕ ਵੀਡੀਓ ਫੈਲਾਉਣ ’ਤੇ ਐੱਫ ਆਈ ਆਰ ਦਰਜ
ਲੇਹ: ਲੱਦਾਖ ਦੇ ਡੀ ਜੀ ਪੀ ਐੱਸ ਡੀ ਸਿੰਘ ਜਾਮਵਾਲ ਦੇ ਨਾਂ ’ਤੇ ਝੂਠਾ ਬਿਆਨ ਜਾਰੀ ਕਰਦੀ ਡੀਪਫੇਕ ਵੀਡੀਓ ਫੈਲਾਉਣ ਵਾਲਿਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲੀਸ ਨੇ ਅੱਜ ਐੱਫ ਆਈ ਆਰ ਦਰਜ ਕੀਤੀ ਹੈ। ਪ੍ਰੈੱਸ ਇਨਫਰਮੇਸ਼ਨ ਬਿਊਰੋ (ਪੀ ਆਈ ਬੀ) ਨੇ ਕਿਹਾ ਹੈ ਕਿ ਇਹ ਵੀਡੀਓ ਡੀਪਫੇਕ ਹੈ, ਜਿਸ ਵਿੱਚ ਜਾਮਵਾਲ ਨੂੰ ਕਥਿਤ ਤੌਰ ’ਤੇ ਇਹ ਦਾਅਵਾ ਕਰਦੇ ਹੋਏ ਦਿਖਾਇਆ ਗਿਆ ਹੈ ਕਿ ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੂੰ ਰੱਖਿਆ ਮੰਤਰੀ ਦੇ ਹੁਕਮਾਂ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਵੀਡੀਓ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਵਾਇਰਲ ਹੋਈ ਹੈ। ਲੇਹ ਜ਼ਿਲ੍ਹਾ ਪੁਲੀਸ ਦੀ ਸਾਈਬਰ ਯੂਨਿਟ ਨੇ ਇੱਕ ਬਿਆਨ ਵਿੱਚ ਕਿਹਾ, ‘‘ਥਾਣਾ ਲੇਹ ਵਿੱਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ 353 (2), 356 ਅਤੇ ਆਈ ਟੀ ਐਕਟ, 2000 ਦੀ ਧਾਰਾ 66 ਸੀ ਅਤੇ 66 ਡੀ ਤਹਿਤ ਐੱਫ ਆਈ ਆਰ ਨੰਬਰ 148 ਦਰਜ ਕੀਤੀ ਗਈ ਹੈ।’’ ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।’’ -ਪੀਟੀਆਈ