ਲੇਹ ਹਿੰਸਾ: ਬੁਕਿੰਗਾਂ ਰੱਦ, ਯਾਤਰੀ ਕਮਰਿਆਂ ਵਿੱਚ ਬੰਦ; ਸੈਰ-ਸਪਾਟਾ ਖੇਤਰ ਵਿੱਚ ਮੰਦੀ ਛਾਈ
ਇਸ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੱਦਾਖ ਦੇ ਸੈਰ-ਸਪਾਟਾ ਖੇਤਰ ਨੂੰ ਪਿਛਲੇ ਹਫ਼ਤੇ ਲੇਹ ਵਿੱਚ ਹੋਈ ਹਿੰਸਾ ਅਤੇ ਕਰਫਿਊ ਕਾਰਨ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ 22 ਅਪਰੈਲ ਨੂੰ...
ਇਸ ਸੀਜ਼ਨ ਦੀ ਸ਼ੁਰੂਆਤ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੱਦਾਖ ਦੇ ਸੈਰ-ਸਪਾਟਾ ਖੇਤਰ ਨੂੰ ਪਿਛਲੇ ਹਫ਼ਤੇ ਲੇਹ ਵਿੱਚ ਹੋਈ ਹਿੰਸਾ ਅਤੇ ਕਰਫਿਊ ਕਾਰਨ ਇੱਕ ਹੋਰ ਵੱਡਾ ਝਟਕਾ ਲੱਗਾ ਹੈ।
ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ 22 ਅਪਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਤੋਂ ਬਾਅਦ ਵੱਡੇ ਪੱਧਰ ’ਤੇ ਬੁਕਿੰਗ ਰੱਦ ਹੋਣ ਨਾਲ ਉਦਯੋਗ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਸੀ, ਪਰ ਹੁਣ ਲੇਹ ਵਿੱਚ ਹੋਈ ਹਿੰਸਾ ਨਾਲ ਸੈਲਾਨੀਆਂ ਦਾ ਭਰੋਸਾ ਡਗਮਗਾ ਗਿਆ ਹੈ।
‘ਲੇਹ ਐਪੈਕਸ ਬਾਡੀ' (LAB) ਦੇ ਇੱਕ ਹਿੱਸੇ ਵੱਲੋਂ ਸੱਦੇ ਗਏ ਬੰਦ ਦੌਰਾਨ ਹੋਈਆਂ ਝੜਪਾਂ ਤੋਂ ਬਾਅਦ 24 ਸਤੰਬਰ ਨੂੰ ਲੇਹ ਸ਼ਹਿਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਸੀ। 'ਲੇਹ ਐਪੈਕਸ ਬਾਡੀ' ਲੱਦਾਖ ਨੂੰ ਰਾਜ ਦਾ ਦਰਜਾ ਦੇਣ ਅਤੇ ਇਸ ਨੂੰ ਛੇਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਲਈ ਅੰਦੋਲਨ ਦੀ ਅਗਵਾਈ ਕਰ ਰਹੀ ਹੈ। ਇਸ ਹਿੰਸਾ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ 150 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।
ਸ਼ਨਿਚਰਵਾਰ ਦੁਪਹਿਰ ਨੂੰ ਦੋ ਪੜਾਵਾਂ ਵਿੱਚ ਚਾਰ ਘੰਟੇ ਦੀ ਢਿੱਲ ਨੂੰ ਛੱਡ ਕੇ, ਲੇਹ ਵਿੱਚ ਸੋਮਵਾਰ ਨੂੰ ਲਗਾਤਾਰ ਛੇਵੇਂ ਦਿਨ ਵੀ ਕਰਫਿਊ ਜਾਰੀ ਰਿਹਾ ਅਤੇ ਮੋਬਾਈਲ ਇੰਟਰਨੈਟ ਸੇਵਾਵਾਂ ਬੰਦ ਰਹੀਆਂ। ਇਸ ਕਾਰਨ ਬੁਕਿੰਗਾਂ ਰੱਦ ਹੋਣ ਲੱਗੀਆਂ ਹਨ ਅਤੇ ਸੈਲਾਨੀਆਂ ਦੇ ਨਾਲ-ਨਾਲ ਸਥਾਨਕ ਹਿੱਸੇਦਾਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੱਕ ਹੋਟਲ ਮੈਨੇਜਰ ਨਸੀਬ ਸਿੰਘ ਨੇ ਦੱਸਿਆ, ‘‘ਪਿਛਲੇ ਇੱਕ ਹਫ਼ਤੇ ਤੋਂ ਸਾਡੇ ਮਹਿਮਾਨਾਂ ਵੱਲੋਂ ਐਡਵਾਂਸ ਬੁਕਿੰਗ ਰੱਦ ਕਰਨ ਦਾ ਸਿਲਸਿਲਾ ਲਗਪਗ ਰੋਜ਼ਾਨਾ ਜਾਰੀ ਹੈ। ਪਿਛਲੇ ਬੁੱਧਵਾਰ ਤੋਂ ਸ਼ਹਿਰ ਬੰਦ ਹੋਣ ਕਾਰਨ ਜ਼ਰੂਰੀ ਸਮਾਨ ਦੀ ਕਮੀ ਹੋ ਗਈ ਹੈ।’’
ਲੇਹ ਸ਼ਹਿਰ ਵਿੱਚ ਲਗਪਗ ਇੱਕ ਦਹਾਕੇ ਤੋਂ ਕੰਮ ਕਰ ਰਹੇ ਸਿੰਘ ਨੇ ਕਿਹਾ ਕਿ ਉਹ ਇਸ ਸ਼ਾਂਤੀਪੂਰਨ ਖੇਤਰ ਵਿੱਚ ਪਹਿਲੀ ਵਾਰ ਅਜਿਹੀ ਸਥਿਤੀ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਲੱਦਾਖ ਦੀ ਰਾਜਧਾਨੀ ਵਿੱਚ ਫਸੇ ਸੈਲਾਨੀਆਂ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅਤਿਵਾਦੀ ਹਮਲੇ ਦਾ ਅਸਰ
ਇੱਕ ਸਥਾਨਕ ਟਰਾਂਸਪੋਰਟਰ ਰਿਗਜ਼ਿਨ ਦੋਰਜੇ ਨੇ ਕਿਹਾ ਕਿ ਅਪਰੈਲ ਵਿੱਚ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਨੇ ਵੀ ਲੱਦਾਖ ਦੇ ਸੈਰ-ਸਪਾਟੇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਸੀ, ਜਦੋਂ ਕਿ ਦੋਵੇਂ (ਜੰਮੂ-ਕਸ਼ਮੀਰ ਅਤੇ ਲੱਦਾਖ) ਵੱਖ-ਵੱਖ ਕੇਂਦਰ ਸ਼ਾਸਤ ਪ੍ਰਦੇਸ਼ ਹਨ।
ਉਨ੍ਹਾਂ ਕਿਹਾ, ‘‘ਪਹਿਲਗਾਮ ਦੀ ਘਟਨਾ ਕਾਰਨ ਲੱਦਾਖ ਦਾ ਸੈਰ-ਸਪਾਟਾ ਖੇਤਰ ਲਗਪਗ ਠੱਪ ਹੋ ਗਿਆ ਸੀ। ਭਾਵੇਂ ਅਪਰੇਸ਼ਨ ਸਿੰਦੂਰ ਦੇ ਇੱਕ ਮਹੀਨੇ ਬਾਅਦ ਹੀ ਮਹਿਮਾਨਾਂ ਦਾ (ਦੁਬਾਰਾ) ਆਉਣਾ ਸ਼ੁਰੂ ਹੋ ਗਿਆ ਸੀ, ਪਰ ਬੁੱਧਵਾਰ ਦੀ ਘਟਨਾ ਨੇ ਇੱਕ ਵਾਰ ਫਿਰ ਸਾਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ।''