ਲੇਹ: ਫਿਲਮ ਯੂਨਿਟ ਦੇ 100 ਤੋਂ ਵੱਧ ਮੈਂਬਰ ਜ਼ਹਿਰਬਾਦ ਕਾਰਨ ਹਸਪਤਾਲ ’ਚ ਦਾਖ਼ਲ
ਲੇਹ ਵਿੱਚ ਫਿਲਮ ਯੂਨਿਟ ਦੇ 100 ਤੋਂ ਵੱਧ ਮੈਂਬਰਾਂ ਨੂੰ ਜ਼ਹਿਰਬਾਦ ਹੋ ਗਿਆ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਸਾਰਿਆਂ ਦੀ ਹਾਲਤ ਹੁਣ ਸਥਿਰ ਹੈ। ਅਧਿਕਾਰੀਆਂ ਮੁਤਾਬਕ, ਐਤਵਾਰ ਨੂੰ ਦੇਰ ਰਾਤ ਸਾਰੇ ਮਰੀਜ਼ਾਂ ਨੂੰ ਢਿੱਡ ਵਿੱਚ ਤੇਜ਼ ਦਰਦ, ਸਿਰ ਦਰਦ ਅਤੇ ਉਲਟੀ ਦੀ ਸ਼ਿਕਾਇਤ ਹੋਣ ਤੋਂ ਬਾਅਦ ਐੱਸਐੱਨਐੱਮ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਸਾਰੇ ਹੋਰ ਸੂਬਿਆਂ ਤੋਂ ਆਏ ਵਰਕਰ ਹਨ, ਜੋ ਇੱਥੇ ਆਗਾਮੀ ਬੌਲੀਵੁੱਡ ਫਿਲਮ ਦੀ ਸ਼ੂਟਿੰਗ ਦੇ ਸਬੰਧ ਵਿੱਚ ਆਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 600 ਵਿਅਕਤੀਆਂ ਨੇ ਸ਼ੂਟਿੰਗ ਵਾਲੇ ਸਥਾਨ ’ਤੇ ਖਾਣਾ ਖਾਧਾ ਸੀ। ਉਨ੍ਹਾਂ ਦੱਸਿਆ, ‘‘ਭੋਜਨ ਦੇ ਨਮੂਨੇ ਜਾਂਚ ਲਈ ਇਕੱਤਰ ਕਰ ਲਏ ਗਏ ਹਨ।’’ ਹਸਪਤਾਲ ਦੇ ਡਾਕਟਰ ਨੇ ਕਿਹਾ, ‘‘ਇਹ ਸਪੱਸ਼ਟ ਤੌਰ ’ਤੇ ਜ਼ਹਿਰਬਾਦ ਦਾ ਮਾਮਲਾ ਹੈ। ਸੂਚਨਾ ਮਿਲਦੇ ਹੀ ਸਾਰੇ ਵਿਭਾਗਾਂ ਤੋਂ ਸਟਾਫ ਨੂੰ ਤੁਰੰਤ ਇਕੱਤਰ ਕੀਤਾ ਗਿਆ ਅਤੇ ਸਥਿਤੀ ਨੂੰ ਪ੍ਰਭਾਵੀ ਢੰਗ ਨਾਲ ਸੰਭਾਲਿਆ ਗਿਆ।’’ ਡਾਕਟਰ ਨੇ ਦੱਸਿਆ ਕਿ ਐਮਰਜੈਂਸੀ ਵਾਰਡ ਵਿੱਚ ਭੀੜ ਵਧਣ ਕਾਰਨ ਪੁਲੀਸ ਨੂੰ ਵੀ ਸੱਦਣਾ ਪਿਆ ਤਾਂ ਜੋ ਹਫੜਾ-ਦਫੜੀ ਵਰਗੇ ਹਾਲਾਤ ਨੂੰ ਸੰਭਾਲਿਆ ਜਾ ਸਕੇ।