ਐਕਸ ਨਾਲ ਕਾਨੂੰਨੀ ਲੜਾਈ: ਕੇਂਦਰ ਵੱਲੋਂ ‘ਸੁਪਰੀਮ ਕੋਰਟ ਆਫ ਕਰਨਾਟਕ’ ਦੇ ਫਰਜ਼ੀ ਖਾਤੇ ਦਾ ਖੁਲਾਸਾ
ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਅੱਜ ਕਰਨਾਟਕ ਹਾਈ ਕੋਰਟ ’ਚ ਇਹ ਖੁਲਾਸਾ ਕਰਕੇ ਬੇਕਾਬੂ ਆਨਲਾਈਨ ਸਰਗਰਮੀਆਂ ਦੇ ਖ਼ਤਰੇ ਨੂੰ ਉਭਾਰਿਆ ਕਿ ‘ਸੁਪਰੀਮ ਕੋਰਟ ਆਫ ਕਰਨਾਟਕ’ ਦੇ ਨਾਮ ਤੋਂ ਫਰਜ਼ੀ ‘ਐਕਸ’ ਅਕਾਊਂਟ ਬਣਾਇਆ ਗਿਆ ਹੈ, ਜੋ ਵੈਰੀਫਾਈ ਵੀ ਹੈ। ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ ਕਾਰਪ ਨਾਲ ਚੱਲ ਰਹੇ ਟਕਰਾਅ ਦੌਰਾਨ ਕੇਂਦਰ ਵੱਲੋਂ ਪੇਸ਼ ਹੋਏ ਮਹਿਤਾ ਨੇ ਇਸ ਖਾਤੇ ਨੂੰ ਇਸ ਗੱਲ ਦਾ ਸਬੂਤ ਹੈ ਦੱਸਿਆ ਕਿ ਲੋਕਾਂ ਨੂੰ ਗੁੰਮਰਾਹ ਕਰਨ ਲਈ ਡਿਜੀਟਲ ਪਲੈਟਫਾਰਮ ਦੀ ਕਿੰਨੇ ਸੌਖੇ ਤਰੀਕੇ ਨਾਲ ਦੁਰਵਰਤੋਂ ਕੀਤੀ ਜਾ ਸਕਦੀ ਹੈ। ਮਹਿਤਾ ਨੇ ਆਨਲਾਈਨ ਪੱਧਰ ’ਤੇ ਮੌਜੂਦਾ ਗੁੰਮਨਾਮ ਖਾਤਿਆਂ ਤੇ ਜਵਾਬਦੇਹੀ ਦੀ ਘਾਟ ਨੂੰ ਉਭਾਰਦਿਆਂ ਦਲੀਲ ਦਿੱਤੀ, ‘‘ਅਸੀਂ ਇਹ ਅਕਾਊਂਟ ਬਣਾਇਆ ਹੈ। ਇਹ ਤਸਦੀਕਸ਼ੁਦਾ ਹੈ। ਹੁਣ ਮੈਂ ਕੁਝ ਵੀ ਪੋਸਟ ਕਰ ਸਕਦਾ ਹਾਂ ਤੇ ਲੱਖਾਂ ਲੋਕ ਮੰਨਣਗੇ ਕਿ ਕਰਨਾਟਕ ਦੀ ਸੁਪਰੀਮ ਕੋਰਟ ਨੇ ਇਹ ਕਿਹਾ ਹੈ।’’ ਇਹ ਖੁਲਾਸਾ ਐਕਸ ਕਾਰਪ ਦੀ ਉਸ ਪਟੀਸ਼ਨ ’ਤੇ ਸੁਣਵਾਈ ਦੌਰਾਨ ਹੋਇਆ ਜਿਸ ਵਿੱਚ ਸੂਚਨਾ ਤਕਨੀਕੀ ਕਾਨੂੰਨ ਦੀ ਧਾਰਾ 79(3)(ਬੀ) ਤਹਿਤ ਸਰਕਾਰੀ ਅਧਿਕਾਰੀਆਂ ਵੱਲੋਂ ਸਮੱਗਰੀ ਹਟਾਉਣ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਸੀ। ਮਹਿਤਾ ਨੇ ਕੇਂਦਰ ਦੇ ਫ਼ਿਕਰ ਨੂੰ ਦੁਹਰਾਇਆ ਜੋ ਪਹਿਲੀ ਵਾਰ ਸ਼੍ਰੇਆ ਸਿੰਘਲ ਮਾਮਲੇ ’ਚ ਜ਼ਾਹਿਰ ਕੀਤਾ ਗਿਆ ਸੀ ਕਿ ਇੰਟਰਨੈੱਟ ਯੂਜ਼ਰਸ ਖ਼ੁਦ ਪਬਲਿਸ਼ਰ, ਪ੍ਰਿੰਟਰ ਤੇ ਬਰਾਡਕਾਸਟਰ ਦੀ ਭੂਮਿਕਾ ਨਿਭਾਉਂਦੇ ਹਨ, ਜਿਸ ਨਾਲ ਰੈਗੂਲੇਟਰ ਨਿਗਰਾਨੀ ਗੁੰਝਲਦਾਰ ਪਰ ਜ਼ਰੂਰੀ ਹੋ ਜਾਂਦੀ ਹੈ।