ਵਿਆਹ ਤੋਂ ਪਹਿਲਾਂ HIV ਟੈਸਟ ਲਾਜ਼ਮੀ ਕਰਨ ਲਈ ਕਾਨੂੰਨ ਬਣਾਉਣ ’ਤੇ ਹੋ ਰਿਹਾ ਵਿਚਾਰ: ਸਿਹਤ ਮੰਤਰੀ
ਸਰਕਾਰ ਸੂਬੇ ਵਿੱਚ ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਵਿਆਹ ਤੋਂ ਪਹਿਲਾਂ HIV/AIDS ਟੈਸਟਿੰਗ ਨੂੰ ਲਾਜ਼ਮੀ ਬਣਾਉਣ ਲਈ ਇੱਕ ਨਵਾਂ ਕਾਨੂੰਨ ਬਣਾਉਣ ਬਾਰੇ ਸੋਚ ਰਹੀ ਹੈ। ਮੇਘਾਲਿਆ ਦੇ ਸਿਹਤ ਮੰਤਰੀ ਅੰਪਰੀਨ ਲਿੰਗਦੋਹ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ HIV/AIDS ਦੇ ਪ੍ਰਸਾਰ ਦੇ ਮਾਮਲੇ ਵਿੱਚ ਮੇਘਾਲਿਆ ਕੌਮੀ ਪੱਧਰ ’ਤੇ ਛੇਵੇਂ ਸਥਾਨ ’ਤੇ ਹੈ, ਜਦੋਂ ਕਿ ਸਮੁੱਚੇ ਉੱਤਰ-ਪੂਰਬੀ ਖੇਤਰ ਵਿੱਚ ਇਸਦਾ ਬਹੁਤ ਜ਼ਿਆਦਾ ਬੋਝ ਹੈ।
ਲਿੰਗਦੋਹ ਨੇ ਪੀਟੀਆਈ ਨੂੰ ਦੱਸਿਆ, ‘‘ਜੇ ਗੋਆ ਨੇ ਟੈਸਟਿੰਗ ਲਾਜ਼ਮੀ ਕਰ ਦਿੱਤੀ ਹੈ, ਤਾਂ ਮੇਘਾਲਿਆ ਦੇ ਆਪਣੇ ਕਾਨੂੰਨ ਕਿਉਂ ਨਹੀਂ ਹੋਣੇ ਚਾਹੀਦੇ? ਇਹ ਕਾਨੂੰਨ ਭਾਈਚਾਰੇ ਨੂੰ ਲਾਭ ਪਹੁੰਚਾਉਣਗੇ।’’ ਉਨ੍ਹਾਂ ਕਿਹਾ ਕਿ, ‘‘ਰਾਜ ਸਖ਼ਤ ਕਾਰਵਾਈਆਂ ਕਰਨ ਲਈ ਮਾਨਸਿਕ ਤੌਰ ’ਤੇ ਤਿਆਰ ਹੈ।’’
ਸਿਹਤ ਮੰਤਰੀ ਨੇ ਉਪ ਮੁੱਖ ਮੰਤਰੀ ਪ੍ਰੇਸਟੋਨ ਟਿਨਸੋਂਗ ਦੀ ਪ੍ਰਧਾਨਗੀ ਹੇਠ ਹੋਈ ਇੱਕ ਮੀਟਿੰਗ ਵਿੱਚ ਸ਼ਿਰਕਤ ਕੀਤੀ, ਜਿਸ ਵਿੱਚ ਸਮਾਜਿਕ ਭਲਾਈ ਮੰਤਰੀ ਪਾਲ ਲਿੰਗਦੋਹ ਅਤੇ ਈਸਟ ਖਾਸੀ ਹਿੱਲਜ਼ ਜ਼ਿਲ੍ਹੇ ਦੇ ਅੱਠ ਵਿਧਾਇਕਾਂ ਨੇ ਵੀ ਮਿਸ਼ਨ ਮੋਡ ਵਿੱਚ ਇੱਕ ਵਿਆਪਕ HIV/AIDS ਨੀਤੀ ਬਣਾਉਣ ਲਈ ਹਿੱਸਾ ਲਿਆ। ਸਿਹਤ ਵਿਭਾਗ ਨੂੰ ਨੀਤੀ ਲਈ ਕੈਬਨਿਟ ਨੋਟ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਅਧਿਕਾਰੀਆਂ ਅਤੇ ਡਾਕਟਰੀ ਪੇਸ਼ੇਵਰਾਂ ਨਾਲ ਸਲਾਹ-ਮਸ਼ਵਰਾ ਕਰਕੇ ਖੇਤਰ-ਵਿਸ਼ੇਸ਼ ਰਣਨੀਤੀਆਂ ਵਿਕਸਤ ਕਰਨ ਲਈ ਗਾਰੋ ਹਿੱਲਜ਼ ਅਤੇ ਜੈਂਤੀਆ ਹਿੱਲਜ਼ ਖੇਤਰਾਂ ਵਿੱਚ ਵੀ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਕਰੇਗੀ। ਉਨ੍ਹਾਂ ਕੇਸਾਂ ਵਿੱਚ ਵਾਧੇ ’ਤੇ ਚਿੰਤਾ ਪ੍ਰਗਟਾਈ, ਖੁਲਾਸਾ ਕੀਤਾ ਕਿ ਇਕੱਲੇ ਈਸਟ ਖਾਸੀ ਹਿੱਲਜ਼ ਵਿੱਚ 3,432 HIV/AIDS ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਸਿਰਫ 1,581 ਮਰੀਜ਼ ਇਲਾਜ ਪ੍ਰਾਪਤ ਕਰ ਰਹੇ ਹਨ।
ਸਿਹਤ ਮੰਤਰੀ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਜਦੋਂ ਕਿ ਜਾਗਰੂਕਤਾ ਹੁਣ ਕੋਈ ਵੱਡਾ ਮੁੱਦਾ ਨਹੀਂ ਹੈ, ਅਸਲ ਚੁਣੌਤੀ ਟੈਸਟਿੰਗ ਅਤੇ ਸਕ੍ਰੀਨਿੰਗ ਵਿੱਚ ਸੁਧਾਰ ਲਿਆਉਣਾ ਹੈ। -ਪੀਟੀਆਈ