ਝਾਰਖੰਡ ਦੇ ਸਿੱਖਿਆ ਮੰਤਰੀ ਰਾਮਦਾਸ ਸੋਰੇਨ ਨੂੰ ਅੰਤਿਮ ਵਿਦਾਇਗੀ
ਝਾਰਖੰਡ ਦੇ ਸਿੱਖਿਆ ਮੰਤਰੀ ਰਾਮਦਾਸ ਸੋਰੇਨ (62) ਜਿਨ੍ਹਾਂ ਦਾ ਦਿੱਲੀ ਦੇ ਹਸਪਤਾਲ ’ਚ ਇਲਾਜ ਦੌਰਾਨ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ, ਨੂੰ ਅੱਜ ਘੋਰਾਬਾਂਦਾ ’ਚ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਤੋਂ ਪਹਿਲਾਂ ਅੱਜ ਦੁਪਹਿਰ ਵੇਲੇ ਰਾਮਦਾਸ ਸੋਰੇਨ ਦੀ ਦੇਹ ਉਨ੍ਹਾਂ ਦੇ ਘਾਟਸ਼ਿਲਾ ਹਲਕੇ ’ਚ ਲਿਆਂਦੀ ਗਈ। ਘਾਟਸ਼ਿਲਾ ਦੇ ਮਊ ਭੰਡਾਰ ਮੈਦਾਨ ’ਚ ਰਾਜਨੀਤਕ ਆਗੂਆਂ, ਪਾਰਟੀ ਵਰਕਰਾਂ ਤੇ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮਗਰੋਂ ਰਾਮਦਾਸ ਸੋਰੇਨ ਦੀਆਂ ਅੰੰਤਿਮ ਰਸਮਾਂ ਜਮਸ਼ੇਦਪੁਰ ਦੇ ਘੋਰਾਬਾਂਦਾ ਵਿੱਚ ਜੱਦੀ ਸਥਾਨ ’ਤੇ ਅਦਾ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੇ ਆਗੂ ਰਾਮਦਾਸ ਸੋਰੇਨ ਦੀ ਦੇਹ ਦਿੱਲੀ ਤੋਂ ਰਾਂਚੀ ਦੇ ਬਿਰਸਾ ਮੁੰਡਾ ਹਵਾਈ ਅੱਡੇ ’ਤੇ ਲਿਆਂਦੀ ਗਈ ਅਤੇ ਇਸ ਨੂੰ ਵਿਧਾਨ ਸਭਾ ਕੰਪਲੈਕਸ ਵਿੱਚ ਰੱਖਿਆ ਗਿਆ, ਜਿੱਥੇ ਰਾਜਪਾਲ ਸੰਤੋਸ਼ ਕੁਮਾਰ ਗੰਗਵਾਰ, ਸਪੀਕਰ ਰਬਿੰਦਰ ਨਾਥ ਮਹਾਤੋ, ਵਿਰੋਧੀ ਧਿਰ ਦੇ ਨੇਤਾ ਬਾਬੂਲਾਲ ਮਰਾਂਡੀ, ਮੰਤਰੀਆਂ, ਵਿਧਾਇਕਾਂ ਤੇ ਹੋਰ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਦੱਸਣਯੋਗ ਹੈ ਕਿ ਰਾਮਦਾਸ ਸੋਰੇਨ ਨੂੰ 2 ਅਗਸਤ ਨੂੰ ਘਰ ’ਚ ਬਾਥਰੂਮ ’ਚ ਡਿੱਗਣ ਮਗਰੋਂ ਜਮਸ਼ੇਦਪੁਰ ਤੋਂ ਹਵਾਈ ਰਸਤੇ ਦਿੱਲੀ ਦੇ ਇੱਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ।