ਸ੍ਰੀਨਗਰ, 3 ਦਸੰਬਰ
ਜੰਮੂ ਕਸ਼ਮੀਰ ਦੇ ਗਗਨਗਿਰ ਵਿਚ ਇਸ ਸਾਲ ਅਕਤੂਬਰ ਵਿਚ ਸੁਰੰਗ ਦੀ ਉਸਾਰੀ ਵਾਲੀ ਸਾਈਟ ਉੱਤੇ ਹੋਏ ਹਮਲੇ ਵਿਚ ਸ਼ਾਮਲ ਲਸ਼ਕਰ-ਏ-ਤਇਬਾ ਦਾ ਦਹਿਸ਼ਤਗਰਦ ਅੱਜ ਡਾਚੀਗਾਮ ਜੰਗਲੀ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਪੁਖਤਾ ਜਾਣਕਾਰੀ ਦੇ ਅਧਾਰ ਉੱਤੇ ਸੋਮਵਾਰ ਰਾਤ ਨੂੰ ਡਾਚੀਗਾਮ ਦੀਆਂ ਉੱਚੀਆਂ ਪਹਾੜੀਆਂ ਉੱਤੇ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਵਿੱਢੀ ਸੀ। ਤਲਾਸ਼ੀ ਮੁਹਿੰਮ ਦੌਰਾਨ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਦੀ ਟੁਕੜੀ ’ਤੇ ਫਾਇਰਿੰਗ ਕੀਤੀ ਤਾਂ ਦੋਵਾਂ ਧਿਰਾਂ ਵਿਚ ਮੁਕਾਬਲਾ ਸ਼ੁਰੂ ਹੋ ਗਿਆ। ਦੁਵੱਲੀ ਗੋਲੀਬਾਰੀ ਵਿਚ ਇਕ ਦਹਿਸ਼ਤਗਰਦ ਮਾਰਿਆ ਗਿਆ, ਜਿਸ ਦੀ ਪਛਾਣ ਜੁਨੈਦ ਅਹਿਮਦ ਭੱਟ ਵਜੋਂ ਹੋਈ ਹੈ।
ਅਧਿਕਾਰੀਆਂ ਨੇ ਕਿਹਾ ਕਿ ਭੱਟ ਲਸ਼ਕਰ-ਏ-ਤਇਬਾ ਦਾ ‘ਏ’ ਸ਼੍ਰੇਣੀ ਦਾ ਦਹਿਸ਼ਤਗਰਦ ਸੀ, ਜੋ ਗੰਦਰਬਲ ਦੇ ਗਗਨਗਿਰ ਇਲਾਕੇ ਵਿਚ ਸੁਰੰਗ ਦੀ ਉਸਾਰੀ ਵਾਲੀ ਸਾਈਟ ਨਜ਼ਦੀਕ 20 ਅਕਤੂਬਰ ਨੂੰ ਕੀਤੇ ਹਮਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਸੀ। ਇਸ ਹਮਲੇ ਵਿਚ ਸਥਾਨਕ ਡਾਕਟਰ ਤੇ ਛੇ ਗੈਰ-ਸਥਾਨਕ ਮਜ਼ਦੂਰਾਂ ਦੀ ਜਾਨ ਜਾਂਦੀ ਰਹੀ ਸੀ। ਕਸ਼ਮੀਰ ਜ਼ੋਨ ਪੁਲੀਸ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅਪਰੇਸ਼ਨ ਡਾਚੀਗਾਮ: ਚੱਲ ਰਹੇ ਅਪਰੇਸ਼ਨ ਵਿਚ ਇਕ ਦਹਿਸ਼ਤਗਰਦ ਮਾਰਿਆ ਗਿਆ ਅਤੇ ਜਿਸ ਦੀ ਪਛਾਣ ਜੁਨੈਦ ਅਹਿਮਦ ਭੱਟ ਵਜੋਂ ਹੋਈ ਹੈ। ਇਹ ਦਹਿਸ਼ਤਗਰਦ ਗਗਨਗਿਰ ਗੰਦਰਬਲ ਵਿਚ ਸਿਵਲੀਅਨਾਂ ਦੀ ਹੱਤਿਆ ਤੇ ਹੋਰ ਕਈ ਦਹਿਸ਼ਤੀ ਹਮਲਿਆਂ ਵਿਚ ਸ਼ਾਮਲ ਸੀ।’’ ਪੁਲੀਸ ਨੇ ਕਿਹਾ ਕਿ ਡਾਚੀਗਾਮ ਦੇ ਉਪਰਲੇ ਇਲਾਕਿਆਂ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਜਾਰੀ ਹੈ ਤੇ ਹੋਰ ਵੇਰਵਿਆਂ ਦੀ ਉਡੀਕ ਹੈ। ਡਾਚੀਗਾਮ ਸ੍ਰੀਨਗਰ ਦੇ ਬਾਹਰਵਾਰ ਨੈਸ਼ਨਲ ਪਾਰਕ ਹੈ, ਜੋ 141 ਵਰਗ ਕਿਲੋਮੀਟਰ ਦੇ ਖੇਤਰ ਵਿਚ ਫੈਲਿਆ ਹੋਇਆ ਹੈ। -ਪੀਟੀਆਈ