DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਿਹਾਰ ਦੀ ਵੋਟਰ ਸੂਚੀ ’ਚ ਵੱਡੀ ਗਿਣਤੀ ਨੇਪਾਲੀ ਤੇ ਬੰਗਲਾਦੇਸ਼ੀ ਮਿਲੇ

ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਕੀਤਾ ਦਾਅਵਾ; ਢੁੱਕਵੀਂ ਪੜਤਾਲ ਮਗਰੋਂ ਅੰਤਿਮ ਸੂਚੀ ’ਚੋਂ ਹਟਾਏ ਜਾਣਗੇ ਨਾਂ
  • fb
  • twitter
  • whatsapp
  • whatsapp
Advertisement

ਟ੍ਰਿਬਿਊਨ ਨਿਊਜ਼ ਸਰਵਿਸ/ਪੀਟੀਆਈਨਵੀਂ ਦਿੱਲੀ, 13 ਜੁਲਾਈ

ਚੋਣ ਕਮਿਸ਼ਨ ਦੇ ਖੇਤਰੀ ਅਧਿਕਾਰੀਆਂ ਨੇ ਬਿਹਾਰ ’ਚ ਵੋਟਰ ਸੂਚੀ ਦੀ ਜਾਰੀ ਵਿਸ਼ੇਸ਼ ਵਿਆਪਕ ਸੁਧਾਈ (ਐੱਸਆਈਆਰ) ਮੁਹਿੰਮ ਤਹਿਤ ਘਰ-ਘਰ ਜਾ ਕੇ ਪੜਤਾਲ ਕੀਤੀ ਅਤੇ ਇਸ ਦੌਰਾਨ ‘ਵੱਡੀ ਗਿਣਤੀ ਵਿੱਚ ਨੇਪਾਲ, ਬੰਗਲਾਦੇਸ਼ ਤੇ ਮਿਆਂਮਾਰ’ ਦੇ ਲੋਕ ਮਿਲੇ ਹਨ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਢੁੱਕਵੀਂ ਜਾਂਚ ਮਗਰੋਂ 30 ਸਤੰਬਰ ਨੂੰ ਪ੍ਰਕਾਸ਼ਿਤ ਹੋਣ ਵਾਲੀ ਅੰਤਿਮ ਸੂਚੀ ’ਚ ਅਵੈਧ ਪਰਵਾਸੀਆਂ ਦੇ ਨਾਂ ਸ਼ਾਮਲ ਨਹੀਂ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਹ ਜਾਂਚ 1 ਅਗਸਤ ਤੋਂ ਬਾਅਦ ਕੀਤੀ ਜਾਵੇਗੀ ਜਿਸ ਦਿਨ ਵੋਟਰ ਸੂਚੀਆਂ ਦਾ ਖਰੜਾ ਜਾਰੀ ਕੀਤਾ ਜਾਵੇਗਾ। ਰਿਪੋਰਟ ਦਾ ਹਵਾਲਾ ਦਿੰਦਿਆਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਰ-ਘਰ ਜਾ ਕੇ ਕੀਤੀ ਗਈ ਜਾਂਚ ਦੌਰਾਨ ਬੂਥ ਪੱਧਰੀ ਅਧਿਕਾਰੀਆਂ ਨੂੰ ਵੱਡੀ ਗਿਣਤੀ ਵਿੱਚ ਨੇਪਾਲ, ਬੰਗਲਾਦੇਸ਼ ਤੇ ਮਿਆਂਮਾਰ ਦੇ ਲੋਕ ਮਿਲੇ ਹਨ।

Advertisement

ਐੱਸਆਈਆਰ ਤਹਿਤ ਵੋਟਰ ਆਪਣੀ ਨਾਗਰਿਕਤਾ ਤੇ ਜਨਮ ਮਿਤੀ ਪ੍ਰਮਾਣਿਤ ਕਰਨ ਵਾਲੇ ਦਸਤਾਵੇਜ਼ਾਂ ਨਾਲ 25 ਜੁਲਾਈ ਤੱਕ ਆਪਣੇ ਗਣਨਾ ਫਾਰਮ ਜਮ੍ਹਾਂ ਕਰ ਸਕਦੇ ਹਨ। ਜੇ ਕੋਈ 25 ਜੁਲਾਈ ਤੱਕ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾ ਪਾਉਂਦਾ ਤਾਂ ਉਸ ਕੋਲ 1 ਤੋਂ 30 ਅਗਸਤ ਵਿਚਾਲੇ, ਜੋ ਦਾਅਵੇ ਤੇ ਇਤਰਾਜ਼ ਦਾਇਰ ਕਰਨ ਦੀ ਆਖਰੀ ਮਿਤੀ ਹੈ, ਦਸਤਾਵੇਜ਼ ਜਮ੍ਹਾਂ ਕਰਵਾਉਣ ਦਾ ਮੌਕਾ ਹੈ। ਪਹਿਲੀ ਅਗਸਤ ਨੂੰ ਪ੍ਰਕਾਸ਼ਿਤ ਹੋਣ ਵਾਲੇ ਵੋਟਰ ਸੂਚੀ ਦੇ ਖਰੜੇ ’ਚ ਸ਼ਾਮਲ ਹੋਣ ਲਈ ਗਣਨਾ ਫਾਰਮ ਜਮ੍ਹਾਂ ਕਰਨਾ ਹੋਵੇਗਾ। ਜੋ ਲੋਕ ਬਿਨਾਂ ਦਸਤਾਵੇਜ਼ ਗਣਨਾ ਫਾਰਮ ਜਮ੍ਹਾਂ ਕਰਦੇ ਹਨ, ਉਨ੍ਹਾਂ ਨੂੰ ਅੰਤਿਮ ਸੂਚੀ ਵਿੱਚ ਸ਼ਾਮਲ ਹੋਣ ਲਈ 30 ਅਗਸਤ ਤੱਕ ਫਾਰਮ ਜਮ੍ਹਾਂ ਕਰਨਾ ਪਵੇਗਾ।

ਕੀ ਪ੍ਰਧਾਨ ਮੰਤਰੀ ਨੂੰ ਸਾਰੇ ਵਿਦੇਸ਼ੀਆਂ ਨੇ ਵੋਟ ਦਿੱਤੀ: ਤੇਜਸਵੀ

ਆਰਜੇਡੀ ਆਗੂ ਤੇਜਸਵੀ ਯਾਦਵ ਨੇ ਇਸ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ, ‘ਅਸੀਂ 2014, 2019 ਤੇ 2024 ਸਮੇਤ ਕਈ ਚੋਣਾਂ ਦੇਖੀਆਂ ਹਨ। ਅਸੀਂ 3-4 ਲੱਖ ਵੋਟਾਂ ਨਾਲ ਹਾਰੇ ਹਾਂ। ਕੀ ਇਸ ਦਾ ਮਤਲਬ ਇਹ ਹੈ ਕਿ ਇਨ੍ਹਾਂ ਸਾਰੇ ਵਿਦੇਸ਼ੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੋਟ ਦਿੱਤੀ? ਇਸ ਦਾ ਮਤਲਬ ਹੈ ਕਿ ਐੱਨਡੀਏ ਦੀ ਗਲਤੀ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਉਹ ਧੋਖਾਧੜੀ ਨਾਲ ਜਿੱਤੇ ਹਨ। ਐੱਸਆਈਆਰ ਪੂਰੀ ਤਰ੍ਹਾਂ ਦਿਖਾਵਾ ਹੈ ਅਤੇ ਚੋਣ ਕਮਿਸ਼ਨ ਇੱਕ ਸਿਆਸੀ ਪਾਰਟੀ ਦੇ ਸੈੱਲ ਦੀ ਤਰ੍ਹਾਂ ਕੰਮ ਕਰ ਰਿਹਾ ਹੈ।’

ਬਾਹਰੀ ਲੋਕਾਂ ਦੀ ਵਕਾਲਤ ਕਰ ਰਹੀ ਆਰਜੇਡੀ ਤੇ ਕਾਂਗਰਸ: ਭਾਜਪਾ

ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਕਿਹਾ, ‘ਬਿਹਾਰ ਦੇ ਲੋਕਾਂ ਦੀ ਵੋਟ ਦਾ ਅਧਿਕਾਰ ਯਕੀਨੀ ਬਣਾਉਣ ਦੀ ਥਾਂ ਆਰਜੇਡੀ ਤੇ ਕਾਂਗਰਸ ਬਾਹਰੀ ਲੋਕਾਂ ਦੇ ਅਧਿਕਾਰਾਂ ਦੀ ਵਕਾਲਤ ਕਰ ਰਹੀਆਂ ਹਨ। ਉਹ ਚਾਹੁੰਦੇ ਹਨ ਕਿ ਬਿਹਾਰ ਦੇ ਅਸਲੀ ਵੋਟਰਾਂ ਦੀ ਥਾਂ ਵਿਦੇਸ਼ੀਆਂ ਨੂੰ ਵੋਟ ਦੇਣ ਦਾ ਅਧਿਕਾਰ ਮਿਲੇ। ਦੋਵਾਂ ਪਰਿਵਾਰਾਂ (ਤੇਜਸਵੀ ਤੇ ਰਾਹੁਲ ਗਾਂਧੀ ਦਾ ਜ਼ਿਕਰ ਕਰਦੇ ਹੋਏ) ਨੇ ਕੇਂਦਰ ’ਚ ਆਪਣੇ ਕਾਰਜਕਾਲ ਦੌਰਾਨ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਭਾਰਤ ’ਚ ਵਸਣ ਦਿੱਤਾ ਸੀ ਪਰ ਹੁਣ ਉਨ੍ਹਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।’

Advertisement
×