Language row ਭਾਸ਼ਾ ਵਿਵਾਦ: ਸਟਾਲਿਨ ਨੇ ਯੋਗੀ ਅਦਿੱਤਿਆਨਾਥ ਨੂੰ ਘੇਰਿਆ
ਯੂਪੀ ਦੇ ਮੁੱਖ ਮੰਤਰੀ ਦੀ ਕੀਤੀ ਨਿਖੇਧੀ; ਯੋਗੀ ਦੇ ਬਿਆਨ ਨੂੰ 'ਸਭ ਤੋਂ ਸਿਆਹ ਸਿਆਸੀ ਬਲੈਕ ਕਾਮੇਡੀ' ਕਰਾਰ ਦਿੱਤਾ
ਚੇਨਈ, 27 ਮਾਰਚ
ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ (Tamil Nadu Chief Minister M K Stalin) ਨੇ ਵੀਰਵਾਰ ਨੂੰ ਉੱਤਰ ਪ੍ਰਦੇਸ਼ ਦੇ ਆਪਣੇ ਹਮਰੁਤਬਾ ਯੋਗੀ ਅਦਿੱਤਿਆਨਾਥ ਦੀ ਭਾਸ਼ਾ ਵਿਵਾਦ ਬਾਰੇ ਟਿੱਪਣੀ ਨੂੰ ‘ਸਭ ਤੋਂ ਗੂੜ੍ਹੀ ਸਿਆਸੀ ਬਲੈਕ ਕਾਮੇਡੀ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦਾ ਸੂਬਾ ਤਾਮਿਲਨਾਡੂ ਕਿਸੇ ਭਾਸ਼ਾ ਦਾ ਵਿਰੋਧ ਨਹੀਂ ਕਰ ਰਿਹਾ, ਸਗੋਂ ਇਸ ਨੂੰ ‘ਥੋਪੇ ਜਾਣ ਅਤੇ ਅੰਧ-ਰਾਸ਼ਟਰਵਾਦ’ ਦਾ ਵਿਰੋਧ ਕਰ ਰਿਹਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਦੋ ਭਾਸ਼ਾਵਾਂ ਦੀ ਨੀਤੀ ਅਤੇ ਨਿਰਪੱਖ ਹਲਕਾਬੰਦੀ 'ਤੇ ਤਾਮਿਲਨਾਡੂ ਦੀ ਨਿਰਪੱਖ ਅਤੇ ਦ੍ਰਿੜ੍ਹ ਆਵਾਜ਼ "ਦੇਸ਼ ਭਰ ਵਿੱਚ ਗੂੰਜ ਰਹੀ ਹੈ - ਅਤੇ ਇਸ ਤੋਂ ਭਾਜਪਾ ਸਪੱਸ਼ਟ ਤੌਰ 'ਤੇ ਪਰੇਸ਼ਾਨ ਹੈ।" ਸਟਾਲਿਨ ਨੇ ਇਹ ਟਿੱਪਣੀਆਂ ਸੋਸ਼ਲ ਮੀਡੀਆ ਪਲੈਟਫਾਰਮ 'ਐਕਸ' 'ਤੇ ਪਾਈ ਇਕ ਪੋਸਟ ਵਿਚ ਕੀਤੀਆਂ ਹਨ।
Tamil Nadu’s fair and firm voice on #TwoLanguagePolicy and #FairDelimitation is echoing nationwide—and the BJP is clearly rattled. Just watch their leaders’ interviews.
And now Hon’ble Yogi Adityanath wants to lecture us on hate? Spare us. This isn’t irony—it’s political black… https://t.co/NzWD7ja4M8
— M.K.Stalin (@mkstalin) March 27, 2025
ਉਨ੍ਹਾਂ ਕਿਹਾ, "ਅਤੇ ਹੁਣ ਮਾਨਯੋਗ ਯੋਗੀ ਅਦਿੱਤਿਆਨਾਥ ਸਾਨੂੰ ਨਫ਼ਰਤ 'ਤੇ ਭਾਸ਼ਣ ਦੇਣਾ ਚਾਹੁੰਦੇ ਹਨ? ਸਾਨੂੰ ਬਖਸ਼ੋ। ਇਹ ਵਿਡੰਬਨਾ ਨਹੀਂ ਹੈ - ਇਹ ਸਭ ਤੋਂ ਸਿਆਹ ਸਿਆਸੀ ਬਲੈਕ ਕਾਮੇਡੀ ਹੈ। ਅਸੀਂ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਕਰਦੇ; ਅਸੀਂ ਕੁਝ ਵੀ ਥੋਪੇ ਜਾਣ ਅਤੇ ਸ਼ਾਵਨਵਾਦ ਦਾ ਵਿਰੋਧ ਕਰਦੇ ਹਾਂ।"
ਉਨ੍ਹਾਂ ਕਿਹਾ, "ਇਹ ਵੋਟਾਂ ਲਈ ਦੰਗੇ ਦੀ ਰਾਜਨੀਤੀ ਨਹੀਂ ਹੈ, ਇਹ ਸਨਮਾਨ ਅਤੇ ਨਿਆਂ ਦੀ ਲੜਾਈ ਹੈ।"
ਸਟਾਲਿਨ ਇਸ ਮੌਕੇ ਯੋਗੀ ਦੇ ਕਥਿਤ ਦੋਸ਼ਾਂ 'ਤੇ ਪ੍ਰਤੀਕਿਰਿਆ ਦੇ ਰਹੇ ਸਨ ਕਿ ਡੀਐਮਕੇ ਸਰਕਾਰ ਭਾਸ਼ਾ ਦੇ ਮੁੱਦੇ ਦੀ ਵਰਤੋਂ ਕਰਕੇ ਫੁੱਟ-ਪਾਊ ਚਾਲਾਂ ਚੱਲ ਰਹੀ ਹੈ।
ਇਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਕੇ ਅੰਨਾਮਾਲਾਈ ਨੇ ਸੱਤਾਧਾਰੀ ਡੀਐਮਕੇ ਦੇ ਪ੍ਰਧਾਨ ਸਟਾਲਿਨ 'ਤੇ ਨਿਸ਼ਾਨਾ ਸੇਧਿਆ ਹੈ। ਉਨ੍ਹਾਂ ਕਿਹਾ, "ਪੂਰਾ ਦੇਸ਼ ਹੁਣ ਜਾਣਦਾ ਹੈ ਕਿ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਪਰਿਵਾਰ ਕੋਲ ਪ੍ਰਾਈਵੇਟ ਸਕੂਲਾਂ ਦੀ ਮਾਲਕੀ ਹੈ ਜੋ ਤਿੰਨ ਭਾਸ਼ਾਵਾਂ ਅਤੇ ਹੋਰ ਪੜ੍ਹਾਉਂਦੇ ਹਨ ਪਰ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਉਸੇ ਨੀਤੀ ਦਾ ਵਿਰੋਧ ਕਰਦੇ ਹਨ...।" ਪੀਟੀਆਈ