ਉੱਤਰਾਖੰਡ: ਜ਼ਮੀਨ ਖਿਸਕਣ ਕਰਕੇ ਦਸ ਲਾਪਤਾ; ਚਮੋਲੀ ਦੇ ਪਿੰਡਾਂ ਵਿਚ ਹੜ੍ਹਾਂ ਵਾਲੇ ਹਾਲਾਤ
ਐੱਸਡੀਆਰਐੱਫ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਨਾਲ ਇੱਕ ਮੈਡੀਕਲ ਟੀਮ ਅਤੇ ਤਿੰਨ ਐਂਬੂਲੈਂਸਾਂ ਮੌਕੇ ’ਤੇ ਪਹੁੰਚੀਆਂ
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਆਫ਼ਤ ਪ੍ਰਭਾਵਿਤ ਨੰਦਾਨਗਰ ਵਿੱਚ ਵੀਰਵਾਰ ਸਵੇਰੇ ਭਾਰੀ ਮੀਂਹ ਕਰ ਕੇ ਜ਼ਮੀਨ ਖਿਸਕਣ ਕਾਰਨ ਘਰ ਢਹਿ ਗਏ, ਜਿਸ ਕਾਰਨ ਦਸ ਲੋਕ ਲਾਪਤਾ ਦੱਸੇ ਜਾਂਦੇ ਹਨ। ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਨੇ ਦੱਸਿਆ ਕਿ ਨਗਰ ਪੰਚਾਇਤ ਨੰਦਾਨਗਰ ਦੇ ਕੁੰਤਰੀ ਵਾਰਡ ਵਿੱਚ ਜ਼ਮੀਨ ਖਿਸਕਣ ਕਰਕੇ ਆਏ ਮਲਬੇ ਨੇ ਅੱਧਾ ਦਰਜਨ ਘਰ ਤਬਾਹ ਕਰ ਦਿੱਤੇ। ਜ਼ਮੀਨ ਖਿਸਕਣ ਵੇਲੇ ਸੱਤ ਲੋਕ ਘਰਾਂ ਦੇ ਅੰਦਰ ਸਨ। ਇਨ੍ਹਾਂ ਵਿਚੋਂ ਦੋ ਨੂੰ ਜ਼ਿੰਦਾ ਬਚਾ ਲਿਆ ਗਿਆ, ਜਦੋਂ ਕਿ ਦਸ ਲੋਕ ਅਜੇ ਵੀ ਲਾਪਤਾ ਹਨ। ਚਮੋਲੀ ਦੇ ਜ਼ਿਲ੍ਹਾ ਮੈਜਿਸਟ੍ਰੇਟ (ਡੀਐਮ) ਸੰਦੀਪ ਤਿਵਾੜੀ ਨੇ ਕਿਹਾ ਕਿ ਕੁੰਤਰੀ ਪਿੰਡ ਵਿੱਚ ਇੱਕ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਅੱਠ ਲੋਕ ਲਾਪਤਾ ਹਨ, ਜਿੱਥੇ ਜ਼ਮੀਨ ਖਿਸਕਣ ਨਾਲ ਲਗਪਗ ਅੱਧਾ ਦਰਜਨ ਘਰ ਪ੍ਰਭਾਵਿਤ ਹੋਏ। ਬਾਕੀ ਦੋ ਧੁਰਮਾ ਪਿੰਡ ਦੇ ਹਨ, ਜਿੱਥੇ ਮੋਕਸ਼ ਨਦੀ ਦੇ ਤੇਜ਼ ਪਾਣੀ ਨੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਾਇਆ।
ਕੁੰਤਰੀ ਵਿੱਚ ਸਥਾਨਕ ਰਾਹਤ ਅਤੇ ਬਚਾਅ ਟੀਮਾਂ ਲਾਪਤਾ ਲੋਕਾਂ ਦੀ ਭਾਲ ਕਰ ਰਹੀਆਂ ਹਨ। ਡੀਐਮ ਨੇ ਕਿਹਾ ਕਿ ਨੰਦਾਨਗਰ ਨੂੰ ਜਾਣ ਵਾਲੀ ਸੜਕ ਮਲਬੇ ਕਰਕੇ ਬੰਦ ਹੋ ਗਈ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਦਫ਼ਤਰ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਲਾਪਤਾ ਲੋਕਾਂ ਦੀ ਪਛਾਣ ਕੁੰਵਰ ਸਿੰਘ (42), ਉਨ੍ਹਾਂ ਦੀ ਪਤਨੀ ਕਾਂਤਾ ਦੇਵੀ (38) ਅਤੇ ਉਨ੍ਹਾਂ ਦੇ ਦੋ ਪੁੱਤਰ ਵਿਕਾਸ ਅਤੇ ਵਿਸ਼ਾਲ (ਦੋਵੇਂ 10 ਸਾਲ), ਨਰਿੰਦਰ ਸਿੰਘ (40), ਜਗਦੰਬਾ ਪ੍ਰਸਾਦ (70) ਅਤੇ ਉਨ੍ਹਾਂ ਦੀ ਪਤਨੀ ਭਾਗਾ ਦੇਵੀ (65) ਅਤੇ ਦੇਵੇਸ਼ਵਰੀ ਦੇਵੀ (65) ਵਜੋਂ ਹੋਈ ਹੈ।
ਸਥਾਨਕ ਨਿਵਾਸੀ ਅਤੇ ਇੰਡੀਅਨ ਰੈੱਡ ਕਰਾਸ ਦੀ ਜ਼ਿਲ੍ਹਾ ਸ਼ਾਖਾ ਦੇ ਉਪ-ਪ੍ਰਧਾਨ ਨੰਦਨ ਸਿੰਘ, ਜੋ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸ਼ਾਮਲ ਹਨ, ਨੇ ਕਿਹਾ ਕਿ ਦਲਦਲ ਕਾਰਨ ਬਚਾਅ ਕਾਰਜ ਵਿੱਚ ਅੜਿੱਕਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ 10 ਤੋਂ ਵੱਧ ਲੋਕ ਜ਼ਖਮੀ ਹੋਏ ਹਨ ਪਰ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣਾ ਮੁਸ਼ਕਲ ਹੈ ਕਿਉਂਕਿ ਨੰਦਾਨਗਰ ਜਾਣ ਵਾਲੀ ਸੜਕ ਕਈ ਥਾਵਾਂ ’ਤੇ ਬੰਦ ਹੈ। ਉਨ੍ਹਾਂ ਕਿਹਾ, ‘‘ਅਸੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰਾਂ ਦੀ ਉਡੀਕ ਕਰ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਕੁੰਤਰੀ ਵਿੱਚ ਤਿੰਨ ਥਾਵਾਂ ’ਤੇ ਪਹਾੜੀਆਂ ਤੋਂ ਮਿੱਟੀ ਅਤੇ ਪੱਥਰਾਂ ਦਾ ਹੜ੍ਹ ਆ ਗਿਆ, ਜਿਸ ਨਾਲ ਉਨ੍ਹਾਂ ਦੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਤਬਾਹ ਹੋ ਗਈ।
ਸਿੰਘ ਨੇ ਕਿਹਾ ਕਿ ਜਦੋਂ ਜ਼ਮੀਨ ਖਿਸਕਣ ਮੌਕੇ ਘਰ ਉਸ ਦੀ ਜ਼ੱਦ ਵਿਚ ਆਏ ਤਾਂ ਅੰਦਰ ਮੌਜੂਦ ਕੁਝ ਲੋਕ ਭੱਜਣ ਵਿੱਚ ਸਫ਼ਲ ਹੋ ਗਏ, ਪਰ ਉਨ੍ਹਾਂ ਨੂੰ ਸੱਟਾਂ ਲੱਗੀਆਂ। ਮੋਖ ਘਾਟੀ ਖੇਤਰ ਵਿੱਚ ਭਾਰੀ ਮੀਂਹ ਕਾਰਨ ਮੋਕਸ਼ ਨਦੀ ਵਿੱਚ ਹੜ੍ਹ ਆ ਗਿਆ, ਜਿਸ ਕਾਰਨ ਧੁਰਮਾ ਤੋਂ ਸੇਰਾ ਤੱਕ ਮਿੱਟੀ ਖੁਰ ਗਈ। ਇਸ ਨਾਲ ਛੇ ਘਰਾਂ ਸਮੇਤ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਦੋ ਵਿਅਕਤੀ ਲਾਪਤਾ ਹਨ। ਜ਼ਿਲ੍ਹਾ ਆਫ਼ਤ ਪ੍ਰਬੰਧਨ ਦਫ਼ਤਰ ਨੇ ਦੱਸਿਆ ਕਿ ਧੁਰਮਾ ਵਿੱਚ ਲਾਪਤਾ ਲੋਕਾਂ ਦੀ ਪਛਾਣ ਗੁਮਾਨ ਸਿੰਘ (75) ਅਤੇ ਮਮਤਾ ਦੇਵੀ (38) ਵਜੋਂ ਹੋਈ ਹੈ। ਕੌਮੀ ਆਫ਼ਤ ਰਿਸਪੌਂਸ ਟੀਮ ਅਤੇ ਰਾਜ ਆਫ਼ਤ ਰਿਸਪੌਂਸ ਬਲ ਬਲ ਦੀਆਂ ਟੀਮਾਂ, ਇੱਕ ਮੈਡੀਕਲ ਟੀਮ ਅਤੇ ਤਿੰਨ ਐਂਬੂਲੈਂਸਾਂ ਮੌਕੇ 'ਤੇ ਪਹੁੰਚ ਗਈਆਂ ਹਨ।
राज्य आपदा परिचालन केंद्र (देहरादून) से प्रदेशभर में अतिवृष्टि से प्रभावित क्षेत्रों की समीक्षा करते हुए चमोली जनपद के नंदानगर क्षेत्र के आपदा प्रभावित गांवों में बचाव एवं राहत कार्यों को गति प्रदान करने के लिए अधिकारियों को निर्देशित किया। जनपद चमोली के जिलाधिकारी को गंभीर रूप… pic.twitter.com/GVihBoDK2Y
— Pushkar Singh Dhami (@pushkardhami) September 18, 2025
ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਘਾਟ ਖੇਤਰ ਵਿੱਚ ਭਾਰੀ ਮੀਂਹ ਕਾਰਨ ਨੇੜਲੇ ਘਰਾਂ ਨੂੰ ਹੋਏ ਨੁਕਸਾਨ ਦੀ ਦੁਖਦਾਈ ਖ਼ਬਰ ਮਿਲੀ ਹੈ। ਸਥਾਨਕ ਪ੍ਰਸ਼ਾਸਨ, uksdrf ਅਤੇ ਪੁਲੀਸ ਦੀਆਂ ਟੀਮਾਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ ਅਤੇ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਰੁੱਝੀਆਂ ਹੋਈਆਂ ਹਨ। ਮੈਂ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਾਂ ਅਤੇ ਸਥਿਤੀ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹਾਂ। ਮੈਂ ਸਾਰਿਆਂ ਦੀ ਸੁਰੱਖਿਆ ਲਈ ਪ੍ਰਾਰਥਨਾ ਕਰਦਾ ਹਾਂ।’’
ਕਾਬਿਲੇਗੌਰ ਹੈ ਕਿ ਦੋ ਦਿਨ ਪਹਿਲਾਂ ਦੇਹਰਾਦੂਨ ਅਤੇ ਨੇੜਲੇ ਇਲਾਕਿਆਂ ਵਿੱਚ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਕਈ ਸੜਕਾਂ ਟੁੱਟ ਗਈਆਂ, ਪੁਲ ਰੁੜ ਗਏ ਅਤੇ ਘਰ ਨੁਕਸਾਨੇ ਗਏ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ ਅਤੇ 16 ਲਾਪਤਾ ਦੱਸ ਜਾਂਦੇ ਹਨ।

