ਲਾਲੂ ਪ੍ਰਸਾਦ ਆਰਜੇਡੀ ਦੇ ਮੁੜ ਕੌਮੀ ਪ੍ਰਧਾਨ ਬਣੇ
ਪਟਨਾ, 24 ਜੂਨ
ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਬਾਨੀ ਲਾਲੂ ਪ੍ਰਸਾਦ ਯਾਦਵ ਨੂੰ ਮੁੜ ਪਾਰਟੀ ਦਾ ਕੌਮੀ ਪ੍ਰਧਾਨ ਚੁਣਿਆ ਗਿਆ ਹੈ। ਪਾਰਟੀ ਦੇ ਸੰਗਠਨਾਤਮਕ ਚੋਣ ਲਈ ਚੋਣ ਅਧਿਕਾਰੀ ਰਾਮਚੰਦਰ ਪੁਰਬੇ ਨੇ ਇੱਥੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪ੍ਰਸਾਦ ਇਸ ਅਹੁਦੇ ਲਈ ਇੱਕੋ-ਇੱਕ ਉਮੀਦਵਾਰ ਸਨ, ਜਿਨ੍ਹਾਂ ਨੇ ਬੀਤੇ ਦਿਨ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਅਤੇ ਜਾਂਚ ਦੌਰਾਨ ਇਹ ਸਹੀ ਪਾਏ ਗਏ। ਪੁਰਬੇ ਨੇ ਕਿਹਾ, ‘ਇਸ ਦਾ ਰਸਮੀ ਐਲਾਨ 5 ਜੁਲਾਈ ਨੂੰ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ। ਇਸ ਦੌਰਾਨ ਲਾਲੂ ਪ੍ਰਸਾਦ ਨੂੰ ਚੋਣ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।’ ਇਸ ਦੌਰਾਨ ਬਿਹਾਰ ਵਿੱਚ ਸੱਤਾਧਾਰੀ ਐੱਨਡੀਏ ਨੇ ਵਿਰੋਧੀ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਲਾਲੂ ਦੀ ਦੁਬਾਰਾ ਚੋਣ ਸਾਬਤ ਕਰਦੀ ਹੈ ਕਿ 28 ਸਾਲਾ ਤੋਂ ਆਰਜੇਡੀ ਇੱਕ ਪਰਿਵਾਰ ਵੱਲੋਂ ਹੀ ਚਲਾਈ ਜਾ ਰਹੀ ਹੈ। ਜਨਤਾ ਦਲ ਯੂਨਾਈਟਿਡ (ਜੇਡੀ-ਯੂ) ਦੇ ਕੌਮੀ ਤਰਜਮਾਨ ਰਾਜੀਵ ਰੰਜਨ ਪ੍ਰਸਾਦ ਨੇ ਦੋਸ਼ ਲਾਇਆ ਕਿ ਆਰਜੇਡੀ ਮੁਖੀ ਦੇ ਪੁੱਤਰ ਅਤੇ ਉੱਤਰਾਧਿਕਾਰੀ ਤੇਜਸਵੀ ਯਾਦਵ ‘ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਿਆਸਤ ਵਿੱਚ ਨੈਤਿਕਤਾ ਦੇ ਮੁੱਦੇ ’ਤੇ ਘੇਰਨਾ ਪਸੰਦ ਕਰਦੇ ਹਨ, ਪਰ ਉਨ੍ਹਾਂ (ਤੇਜਸਵੀ) ਅਤੇ ਉਨ੍ਹਾਂ ਦੇ ਪਰਿਵਾਰ ਵਿੱਚ ਸਪੱਸ਼ਟ ਤੌਰ ’ਤੇ ਨੈਤਿਕਤਾ ਦੀ ਘਾਟ ਹੈ।’ -ਪੀਟੀਆਈ