ਲਖੀਮਪੁਰ ਖੀਰੀ ਹਿੰਸਾ: ਸੁਪਰੀਮ ਕੋਰਟ ਵੱਲੋਂ ਐੱਸਪੀ ਨੂੰ ਗਵਾਹ ਨਾਲ ਮੁਲਾਕਾਤ ਦੇ ਹੁਕਮ
ਸੁਪਰੀਮ ਕੋਰਟ ਨੇ ਲਖਨਊ ਦੇ ਸੀਨੀਅਰ ਪੁਲੀਸ ਅਧਿਕਾਰੀ ਨੂੰ ਸਾਲ 2021 ਵਿੱਚ ਵਾਪਰੇ ਲਖੀਮਪੁਰ ਖੀਰੀ ਕਾਂਡ ਦੇ ਚਸ਼ਮਦੀਦ ਗਵਾਹ ਨਾਲ ਮੁਲਾਕਾਤ ਕਰਨ ਲਈ ਆਖਿਆ ਹੈ ਤਾਂ ਕਿ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਉਸ ਵੱਲੋਂ ਸਾਬਕਾ ਕੇਂਦਰੀ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਉਸ ਨੂੰ ਗਵਾਹੀ ਦੇਣ ਤੋਂ ਰੋਕਣ ਲਈ ਕਥਿਤ ਤੌਰ ’ਤੇ ਧਮਕਾਉਣ ਦੇ ਲਾਏ ਗਏ ਦੋਸ਼ ਸਹੀ ਸਨ ਜਾਂ ਨਹੀਂ? ਜਸਟਿਸ ਸੂਰਿਆ ਕਾਂਤ, ਉੱਜਵਲ ਭੂਈਆਂ ਅਤੇ ਐੱਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਯੂਪੀ ਪੁਲੀਸ ਨੂੰ ਸੁਆਲ ਕੀਤਾ ਕਿ 20 ਜੂਨ ਨੂੰ ਕੇਸ ਦੇ ਚਸ਼ਮਦੀਦ ਗਵਾਹ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਬਾਵਜੂਦ ਹਾਲੇ ਤੱਕ ਉਸ ਨੂੰ ਕਿਉਂ ਨਹੀਂ ਮਿਲਿਆ ਗਿਆ। ਯੂਪੀ ਦੀ ਐਡੀਸ਼ਨਲ ਐਡਵੋਕੇਟ ਜਨਰਲ ਗਰਿਮਾ ਪ੍ਰਸਾਦ ਨੇ ਕਿਹਾ ਕਿ ਗਵਾਹ ਨੇ ਖ਼ੁਦ ਹੀ ਪੁਲੀਸ ਕੋਲ ਆ ਕੇ ਇਸ ਮਾਮਲੇ ਸਬੰਧੀ ਗੱਲਬਾਤ ਲਈ ਇੱਛਾ ਜ਼ਾਹਰ ਨਹੀਂ ਕੀਤੀ ਤੇ ਉਸ ਨੂੰ ਵਾਰ-ਵਾਰ ਸੱਦਣ ਦੇ ਬਾਵਜੂਦ ਉਹ ਆਪਣੀ ਸ਼ਿਕਾਇਤ ਦੀ ਪੁਸ਼ਟੀ ਕਰਨ ਜਾਂ ਆਪਣੇ ਬਿਆਨ ਦਰਜ ਕਰਵਾਉਣ ਲਈ ਥਾਣੇ ਨਹੀਂ ਆਇਆ। ਹਾਲਾਂਕਿ, ਸਰਵਉੱਚ ਅਦਾਲਤ ਨੇ ਪੁਲੀਸ ਨੂੰ ਮਾਮਲੇ ਦੀ ਜਾਂਚ ਅਤੇ ਚਸ਼ਮਦੀਦ ਗਵਾਹ ਨਾਲ ਮੁਲਾਕਾਤ ਮਗਰੋਂ ਤਾਜ਼ਾ ਸਟੇਟਸ ਰਿਪੋਰਟ ਅਦਾਲਤ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਹੈ।